ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚੇ ’ਚ ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਹਾਦਰਗੜ੍ਹ ਸ਼ਹਿਰ ਵਿਚ ਮਾਰਚ ਕਰਕੇ ਸ਼ਹਿਰ ਵਾਸੀਆਂ ਨੂੰ ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਉਸੇ ਰਾਤ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਦੇ ਵਿਛੋੜੇ ’ਤੇ ਦਿੱਲੀ ਦੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ’ਤੇ ਨਾਟਕਾਂ ਰਾਹੀਂ ਰੰਗ ਮੰਚ ਦਿਹਾੜਾ ਮਨਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ ਤੇ 28 ਤਰੀਕ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਲੈ ਕੇ ਉਨ੍ਹਾਂ ਦੇ ਸੁਪਨਿਆਂ ਦੇ ਰਾਜ ਲਈ ਯਾਦ ਕੀਤਾ ਜਾਵੇਗਾ। ਔਰਤ ਵਿੰਗ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੌਟੜਾ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਗਤ ਸਿੰਘ ਦੇ ਜਨਮ ਦਿਨ ਨੂੰ ਲੈ ਕੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਸਾਮਰਾਜ ਵਿਰੋਧੀ ਕਾਨਫਰੰਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਰਤੀ ਲੋਕਾਂ ਦਾ ਇਕੱਠ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਉਨ੍ਹਾਂ ਟਿਕਰੀ ਬਾਰਡਰ ’ਤੇ ਵੀ ਔਰਤਾਂ ਨੂੰ ਦਿੱਲੀ ਮੋਰਚੇ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਮਾਨਸਾ ਜ਼ਿਲ੍ਹੇ ਦੇ ਆਗੂ ਉੱਤਮ ਸਿੰਘ ਰਾਮਾਂਨੰਦੀ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਕੰਪਨੀਆਂ ਵਲੋਂ ਘਟੀਆ ਬੀਜ ਘਟੀਆ ਦਵਾਈਆਂ ਤਿਆਰ ਕਰ ਕੇ ਵੇਚੀਆਂ ਜਾ ਰਹੀਆਂ ਹਨ, ਜਿਸ ਦਾ ਅਸਰ ਨਰਮੇ ਦੀ ਪੱਕੀ ਹੋਈ ਫਸਲ ’ਤੇ ਦਿਸ ਰਿਹਾ ਹੈ ਕਿਉਂਕਿ ਨਰਮੇ ਦੇ ਪੱਕੇ ਹੋਏ ਟੀਂਡਿਆਂ ਵਿੱਚ ਗੁਲਾਬੀ ਸੁੰਡੀ ਦਾ 95 ਫ਼ੀਸਦ ਅਸਰ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਪੁੱਤਾਂ ਧੀਆਂ ਵਾਂਗੂ ਪਾਲੀ ਹੋਈ ਨਰਮੇ ਦੀ ਫਸਲ ਖੇਤਾਂ ਵਿੱਚ ਵਾਹੁਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰਮਾ ਬੈਲਟ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਪੀੜਤ ਕਿਸਾਨਾਂ ਨੂੰ ਲਾਗਤ ਖਰਚਿਆਂ ਨੂੰ ਧਿਆਨ ’ਚ ਰੱਖਦਿਆਂ 60 ਹਜ਼ਾਰ ਪ੍ਰਤੀ ਏਕੜ ਯੋਗ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਵਿੱਚ ਜੋਸ਼ ਭਰ ਰਹੇ ਨੇ ਕਬੱਡੀ ਮੁਕਾਬਲੇ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰਾਂ ਉਪਰ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਕਬੱਡੀ ਮੈਚ ਦੋ ਦਿਨ ਹੋਰ ਚਲਣਗੇ ਤੇ ਪੰਜਾਬ ਹਰਿਆਣਾ ਦੀਆਂ ਨਾਮੀਂ ਟੀਮਾਂ ਦੇ ਖਿਡਾਰੀ ਇਨ੍ਹਾਂ ਮੈਚਾਂ ਵਿੱਚ ਹਿੱਸਾ ਲੈ ਰਹੇ ਹਨ। ਬੀਤੇ ਦਿਨੀਂ ਇਹ ਮੁਕਾਬਲੇ ਟਿਕਰੀ ਵਿੱਚ ਵੀ ਕਰਵਾਏ ਗਏ ਤੇ ਹੁਣ ਸਿੰਘੂ ਬਾਰਡਰ ਵਿੱਚ ਕਰਵਾਏ ਜਾ ਰਹੇ ਹਨ। ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਮੋਰਚੇ ਦੇ ਆਗੂ ਵੀ ਸਿੰਘੂ ਵਿੱਚ ਪੁੱਜੇ ਤੇ ਫਸਵੇਂ ਮੈਚਾਂ ਦਾ ਆਨੰਦ ਲਿਆ। ਬੀਤੇ ਦਿਨਾਂ ਦੌਰਾਨ ਪਏ ਮੀਂਹ ਮਗਰੋਂ ਮੌਸਮ ਸੁਹਾਵਣਾ ਬਣਿਆ ਹੋਇਆ ਹੈ, ਜਿਸ ਵਿੱਚ ਕਿਸਾਨ ਦਰਸ਼ਕਾਂ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕਿਸਾਨਾਂ ਵਿੱਚ ਮੈਚ ਦੇਖ ਕੇ ਜੋਸ਼ ਵਧਦਾ ਹੈ ਤੇ ਕਬੱਡੀ ਪੰਜਾਬ, ਹਰਿਆਣਾ ਦੀ ਵਿਰਾਸਤੀ ਖੇਡ ਹੋਣ ਕਰਕੇ ਕਿਸਾਨਾਂ ਵਿੱਚ ਦਿਲਚਸਪੀ ਵੀ ਬਣੀ ਹੋਈ ਹੈ।
ਖਟਕੜ ਟੌਲ ਪਲਾਜ਼ਾ ’ਤੇ ਦੇਵੀ ਲਾਲ ਦੀ ਵਰ੍ਹੇਗੰਢ ਮਨਾਈ
ਜੀਂਦ (ਮਹਾਵੀਰ ਮਿੱਤਲ): ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦਾ ਧਰਨਾ 273ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਧਰਨੇ ਦੀ ਪ੍ਰਧਾਨਗੀ ਨਫ਼ੇ ਸਿੰਘ ਬੜੌਦੀ ਨੇ ਕੀਤੀ। ਨਫ਼ੇ ਸਿੰਘ ਨੇ ਦੱਸਿਆ ਕਿ ਧਰਨੇ ਉੱਤੇ ਅੱਜ ਤਾਊ ਦੇਵੀ ਲਾਲ ਦਾ 108ਵਾਂ ਜਨਮ ਦਿਵਸ ਮਨਾਇਆ ਗਿਆ। ਆਪਣੇ ਸੰਬੋਧਨ ਵਿੱਚ ਨਫ਼ੇ ਸਿੰਘ ਬੜੌਦੀ ਨੇ ਕਿਹਾ ਕਿ ਭਾਰਤ ਦੇ ਉਪ ਪ੍ਰਧਾਨ ਮੰਤਰੀ ਸਵ. ਦੇਵੀ ਲਾਲ ਕਿਸਾਨ, ਗਰੀਬ, ਮਜ਼ਦੂਰ ਦੇ ਮਸੀਹਾ ਸਨ। ਉਹ ਕਿਸੇ ਇੱਕ ਪਾਰਟੀ ਅਤੇ ਪਰਿਵਾਰ ਦੇ ਨਾ ਹੋ ਕੇ ਪੂਰੇ ਸਮਾਜ ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲੇਗਾ, ਉਦੋਂ ਤੱਕ ਇੱਥੇ ਮਹਾਂ ਪੁਰਸ਼ਾਂ ਦੀ ਜੈਅੰਤੀ ਮਨਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 27 ਸਤੰਬਰ ਨੂੰ ਭਾਰਤ ਬੰਦ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ ਤਾਂਕਿ ਬੰਦ ਦੇ ਦੌਰਾਨ ਐਂਬੂਲੈਂਸ, ਬਿਮਾਰ ਵਿਅਕਤੀ, ਡਿਲੀਵਰੀ ਕੇਸ, ਵਿਦੇਸ਼ ਵਿੱਚ ਜਾਣ ਵਾਲੇ ਵਿਅਕਤੀ, ਪੇਪਰ ਦੇਣ ਅਤੇ ਵਿਆਹ-ਸ਼ਾਦੀਆਂ ਦੀ ਗੱਡੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।