ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਜਨਵਰੀ
ਅੰਬਾਲਾ ਛਾਉਣੀ ਵਿਚ ਗੈਂਗਵਾਰ ਦੇ ਚਲਦਿਆਂ ਹੋਏ ਦੋਹਰੇ ਹੱਤਿਆ ਕਾਂਡ ਵਿਚ ਲੰਘੇ ਦਿਨ ਗ੍ਰਿਫ਼ਤਾਰ ਕੀਤੇ ਐੱਮ.ਆਰ ਗਰੋਹ ਦੇ ਮੈਂਬਰ ਮੋਨੂੰ ਰਾਣਾ ਨੂੰ ਇਕ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੋਨੂੰ ਰਾਣਾ ਦੇ ਵਕੀਲ ਮਾਨ ਸਿੰਘ ਕਾਕਰਾਨ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੋਨੂੰ ਰਾਣਾ ਦੇ ਦੁਸ਼ਮਣ ਅੰਬਾਲਾ ਅਤੇ ਯਮੁਨਾਨਗਰ ਦੀਆਂ ਜੇਲ੍ਹਾਂ ਵਿਚ ਬੰਦ ਹਨ ਅਤੇ ਉਹ ਅਨਫਿਟ ਵੀ ਹੈ, ਇਸ ਲਈ ਉਸ ਨੂੰ ਅੰਬਾਲਾ ਅਤੇ ਯਮੁਨਾਨਗਰ ਜੇਲ੍ਹ ਦੀ ਥਾਂ ਕੁਰੂਕਸ਼ੇਤਰ ਜੇਲ੍ਹ ਭੇਜਿਆ ਜਾਵੇ। ਅਦਾਲਤ ਨੇ ਵਕੀਲ ਕਾਕਰਾਨ ਦੀ ਬੇਨਤੀ ਨੂੰ ਮੰਨਦਿਆਂ ਮੋਨੂੰ ਰਾਣਾ ਨੂੰ 8 ਫਰਵਰੀ ਤੱਕ ਕੁਰੂਕਸ਼ੇਤਰ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਮਾਨ ਸਿੰਘ ਕਾਕਰਾਨ ਨੇ ਦੱਸਿਆ ਕਿ ਪੁਲੀਸ ਉਸ ਦੇ ਮੁਵੱਕਲ ਕੋਲੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਮੋਨੂੰ ਰਾਣਾ ਦਾ ਮੁੱਖ ਵਿਰੋਧੀ ਭੂਪੀ ਰਾਣਾ ਅੰਬਾਲਾ ਜੇਲ੍ਹ ਵਿਚ ਬੰਦ ਹੈ। ਮਾਮਲੇ ਦੀ ਜਾਂਚ ਦੌਰਾਨ ਇਸ ਦੋਹਰੇ ਕਤਲ ਕੇਸ ਵਿਚ ਰੋਹਤਕ ਦੇ ਦੋ ਬਦਮਾਸ਼ਾਂ ਦਾ ਨਾਂ ਵੀ ਸਾਹਮਣੇ ਆਇਆ ਹੈ। ਇਨ੍ਹਾਂ ਵਿਚੋਂ ਇਕ ਦਾ ਨਾਂ ਆਕਾਸ਼ ਉਰਫ਼ ਗਿੱਟੀ ਅਤੇ ਦੂਜੇ ਦਾ ਪੰਕਜ ਬਧਵਾਰ ਉਰਫ਼ ਰਿੰਕੂ ਹੈ। ਇਹ ਦੋਵੇਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸੇ ਜਾਂਦੇ ਹਨ।