ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਕਤੂਬਰ
ਮੀਰ ਬਾਬਾ ਪੀਰ ਦੀ ਮਜਾਰ ਪਿੰਡ ਲਖਮੜੀ ਵਿੱਚ ਦੋ ਰੋਜ਼ਾ ਸਾਲਾਨਾ ਮੇਲੇ ਵਿਚ ਕਰਵਾਏ ਦੰਗਲ ਦਾ ਸ਼ੁਭ ਆਰੰਭ ਅੱਜ ਮੁਹਾਲੀ ਦੇ ਐੱਸ ਐੱਸ ਪੀ ਨਵਦੀਪ ਸਿੰਘ ਵਿਰਕ ਵੱਲੋਂ ਪਿੰਡ ਦੇ ਬਜ਼ੁਰਗਾਂ ਦੀ ਯਾਦ ਵਿਚ ਕਰਵਾਇਆ ਗਿਆ। ਐੱਸਐੱਸਪੀ ਵਿਰਕ ਨੇ ਪਹਿਲਵਾਨਾਂ ਦੇ ਹੱਥ ਮਿਲਾ ਕੇ ਕੁਸ਼ਤੀ ਦੀ ਸ਼ੁਰੁਆਤ ਕਰਵਾਈ ਤੇ ਸਮਾਰੋਹ ਦੀ ਪ੍ਰਧਾਨਗੀ ਸੇਵਾਮੁਕਤ ਕਰਨਲ ਫਤਹਿ ਸਿੰਘ ਵਿਰਕ ਨੇ ਕੀਤੀ। ਦੰਗਲ ਦਾ ਸ਼ੁਭ ਆਰੰਭ ਕਰਨ ਤੋਂ ਬਾਅਦ ਲੋਕਾਂ ਤੇ ਪਹਿਲਵਾਨਾਂ ਨੂੰ ਸੰਬੋਧਿਤ ਕਰਦਿਆਂ ਐੱਸਐੱਸਪੀ ਵਿਰਕ ਨੇ ਕਿਹਾ ਕਿ ਪਿੰਡ ਵਿੱਚ ਲਗਣ ਵਾਲੇ ਕੁਸ਼ਤੀ ਦੰਗਲ ਸਾਡੀ ਪ੍ਰਾਚੀਨ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਦੇ ਪ੍ਰਤੀਕ ਹਨ ਜੋ ਸਾਡੇ ਬਜ਼ੁਰਗਾਂ ਦੀ ਯਾਦ ਨੂੰ ਵੀ ਤਾਜ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੰਗਲ ਪੁਰਾਣੇ ਸਮਿਆਂ ਤੋਂ ਰਾਜੇ ਮਹਾਰਾਜਿਆਂ ਦੀ ਜ਼ਮਾਨੇ ਤੋਂ ਭਾਰਤ ਦੇਸ਼ ਵਿਚ ਪ੍ਰਚੱਲਿਤ ਸਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਪਿੰਡਾਂ ਵਿਚ ਆਪਸੀ ਭਾਈਚਾਰ ਬਣਦਾ ਹੈ ਤੇ ਨੌਜਵਾਨ ਵਰਗ ਨੂੰ ਆਪਣੀ ਪ੍ਰਾਚੀਨ ਸਭਿਅਤਾ ਨੂੰ ਜੀਵਤ ਰੱਖਣ ਤੇ ਬਜ਼ੁਰਗਾਂ ਦੀ ਯਾਦ ਰਖਣ ਦੀ ਪ੍ਰੇਰਨਾ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਨੌਜਵਾਨ ਨਸ਼ੇ ਜਿਹੀਆਂ ਬੁਰਾਈਆਂ ਤਿਆਗ ਕੇ ਆਪਣੀ ਰੁਚੀ ਖੇਡਾਂ ਵਿਚ ਦਿਖਾਉਣ ਕਿਉਂਕਿ ਅੱਜ ਖੇਡਾਂ ਰੁਜ਼ਗਾਰ ਤੇ ਆਰਥਿਕ ਵਿਕਾਸ ਦਾ ਵੱਡਾ ਸਾਧਨ ਹਨ। ਉਨ੍ਹਾਂ ਕਿਹਾ ਕਿ ਅੱਜ ਮੈਂ ਜਿਸ ਅਹੁਦੇ ’ਤੇ ਹਾਂ ਉਹ ਖੇਡਾਂ ਦੀ ਹੀ ਦੇਣ ਹੈ। ਇਸ ਮੌਕੇ ਪਹਿਲਵਾਨਾਂ ਅਸ਼ੋਕ ਕਲਸੋਰਾ, ਅੰਮਿਤ ਝਰੌਲੀ, ਰਾਜਾ ਪਾਡਲੂ, ਹਰਵਿੰਦਰ ਸਿੰਘ ਪਟਿਆਲਾ, ਲਵੀ ਕੁਰੂਕਸ਼ੇਤਰ, ਰਜਤ ਕਰਨਾਲ, ਰਮਨ ਵੱਡਾ ਪਿੰਡ, ਬਲਦੇਵ ਕਰਨਾਲ, ਸੁਰਿੰਦਰ ਕਾਲਵਾ, ਪਵਨ ਬਰਾੜਾ, ਚੁਟਕੂ, ਸ਼ੰਭੂ, ਮੁਕੇਸ਼ ਧਨੌਰਾ ਤੋਂ ਇਲਾਵਾ ਕਈ ਪਹਿਲਵਾਨਾਂ ਨੇ ਆਪਣੇ ਦਮਖਮ ਦਿਖਾਏ।