ਟ੍ਰਿਬਿਊਨ ਨਿਊਜ਼ ਸਰਵਿਸ
ਰੋਹਤਕ, 9 ਸਤੰਬਰ
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਫ਼ੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਰੋਹਤਕ ’ਚ ਸਿੱਖਿਆ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐੱਮਐੱਸਪੀ ਕਾਨੂੰਨ ਲਾਗੂ ਕਰਾਉਣ ਲਈ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਅੰਦੋਲਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਰਗੇ ਸੂਬਿਆਂ ’ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਹ ਹਰ ਮਹੀਨੇ ਛੇ ਜਨਤਕ ਮੀਟਿੰਗਾਂ ਕਰ ਰਹੇ ਹਨ। ਮਲਿਕ ਨੇ ਕਿਹਾ ਕਿ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਵਧੀਆ ਸਨ, ਪਰ ਦਿੱਲੀ ਆ ਕੇ ਉਹ ਬਦਲ ਗਏ ਹਨ। ‘ਮੈਂ ਪ੍ਰਧਾਨ ਮੰਤਰੀ ਦਾ ਵਿਰੋਧੀ ਨਹੀਂ ਹਾਂ। ਉਨ੍ਹਾਂ ਖ਼ਿਲਾਫ਼ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਉਹ ਜਦੋਂ ਗੁਜਰਾਤ ’ਚ ਸਨ ਤਾਂ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਸੀ। ਉਨ੍ਹਾਂ ਉਥੋਂ ਤਤਕਾਲੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ। ਉਹ ਗੁਜਰਾਤ ’ਚ ਸਨ ਤਾਂ ਸੋਨੇ ਦੇ ਸਨ ਪਰ ਦਿੱਲੀ ਆਉਣ ਤੋਂ ਬਾਅਦ ਉਹ ਸਾਡੇ ਨਾ ਰਹੇ ਅਤੇ ਅਡਾਨੀ ਦੇ ਹੋ ਗਏ।’ ਮੇਘਾਲਿਆ ਦੇ ਰਾਜਪਾਲ ਨੇ ਕਿਹਾ ਕਿ ਮੋਦੀ ਦੇ ਦਿਲ ’ਚ ਜਿੰਨੀ ਤਕਲੀਫ਼ ਕਿਸਾਨਾਂ ਲਈ ਹੋਣੀ ਚਾਹੀਦੀ ਹੈ, ਉਹ ਨਹੀਂ ਰਹੀ। ‘ਮੈ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਖਾਂਗਾ ਕਿ ਜਿਸ ਮੁਲਕ ਦੇ ਕਿਸਾਨ ਅਤੇ ਜਵਾਨ ਖੁਸ਼ ਨਹੀਂ ਹਨ, ਉਸ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ ਹੈ। ਤੁਸੀਂ ਦੋਹਾਂ ਦਾ ਬੇੜਾ ਗਰਕ ਕਰ ਦਿੱਤਾ ਹੈ।’ ਸ੍ਰੀ ਮਲਿਕ ਨੇ ਕਿਹਾ ਕਿ ਪੂੰਜੀਪਤੀਆਂ ਨੇ ਵੱਡੇ ਵੱਡੇ ਗੁਦਾਮ ਬਣਾ ਲਏ ਹਨ। ਕਿਸਾਨਾਂ ਦੀ ਮਾੜੀ ਹਾਲਤ ਨੂੰ ਬਿਆਨ ਕਰਦਿਆਂ ਉਨ੍ਹਾਂ ਸ਼ੇਅਰ ਪੜ੍ਹਿਆ,‘‘ਖੰਜਰ ਮੇਂ ਕੋਈ ਛੀਂਟ ਨਾ ਕੱਪੜੋਂ ਪੇ ਕੋਈ ਦਾਗ਼, ਤੂ ਕਤਲ ਕਰੇ ਹੈ ਕਿ ਕਰਾਮਾਤ ਕਰੇ ਹੈ।’’
‘ਕਿਸਾਨਾਂ ਦਾ ਪੱਖ ਪੂਰਨ ਵਾਲੇ ਨੂੰ ਵੋਟ ਦਿਓ’
ਸੱਤਿਆਪਾਲ ਮਲਿਕ ਨੇ ਕਿਸਾਨਾਂ ਨੂੰ ਕਿਹਾ ਕਿ ਲੜਾਈ ਖ਼ਤਰਨਾਕ ਦੌਰ ’ਚ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆਉਣਗੀਆਂ ਤਾਂ ਤੁਹਾਨੂੰ ਹਿੰਦੂ-ਮੁਸਲਮਾਨ ਕਰ ਦੇਣਗੇ ਪਰ ਇਸ ਵਾਰ ਚੌਕਸ ਰਹਿਣ ਦੀ ਲੋੜ ਹੈ। ਕਿਸਾਨਾਂ ਨੂੰ ਕਿਹਾ ਕਿ ਉਹ ਇਸ ਵਾਰ ਦੇਖਣ ਕਿ ਉਨ੍ਹਾਂ ਦੇ ਹੱਕ ’ਚ ਕੌਣ ਹੈ। ਜੇਕਰ ਕੋਈ ਹੱਕ ’ਚ ਨਹੀਂ ਹੈ ਤਾਂ ਉਸ ਨੂੰ ਵੋਟ ਨਾ ਪਾਉਣਾ। ਸਿੱਖਿਆ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਹਿੰਦੁਸਤਾਨ ’ਚ ਸਿੱਖਿਆ ਦਾ ਕੋਈ ਪੱਧਰ ਨਹੀਂ ਰਿਹਾ ਹੈ।