ਦਵਿੰਦਰ ਸਿੰਘ
ਯਮੁਨਾਨਗਰ, 29 ਜੂਨ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਰੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਹੋ ਰਿਹਾ ਹੈ। ਪਹਿਲਾਂ ਦੂਜੇ ਦੇਸ਼ਾਂ ਤੋਂ ਫੌਜੀ ਸਾਜ਼ੋ-ਸਾਮਾਨ ਖਰੀਦਿਆ ਜਾਂਦਾ ਸੀ ਪਰ ਅੱਜ ਦੂਜੇ ਦੇਸ਼ਾਂ ਨੂੰ ਇਹ ਸਾਮਾਨ ਸਪਲਾਈ ਕੀਤਾ ਜਾਂਦਾ ਹੈ। ਕੇਂਦਰੀ ਰੱਖਿਆ ਮੰਤਰੀ ਭਾਜਪਾ ਦੇ 9 ਸਾਲ ਪੂਰੇ ਹੋਣ ‘ਤੇ ਅੱਜ ਅਨਾਜ ਮੰਡੀ ਜਗਾਧਰੀ ਵਿੱਚ ਕੀਤੀ ਗੌਰਵਸ਼ਾਲੀ ਭਾਰਤ ਰੈਲੀ ਦੌਰਾਨ ਸੰਬੋਧਨ ਕਰ ਰਹੇ ਸਨ। ਹਰਿਆਣਾ ਪ੍ਰਦੇਸ਼ ਬਾਰੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਵੀ ਉਹ ਇਸ ਖੇਤਰ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਜ਼ਮੀਨ ਕਿਸਾਨਾਂ ਦੀ ਹੈ ਅਤੇ ਉਹ ਵੀ ਇੱਕ ਕਿਸਾਨ ਪਰਿਵਾਰ ਵਿੱਚੋਂ ਹਨ। ਹਰਿਆਣਾ ਨੇ ਖੇਡਾਂ ਦੇ ਖੇਤਰ ਵਿੱਚ ਭਾਰਤ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਹਰਿਆਣਾ ਨੂੰ ਦੇਸ਼ ਦੀ ਖੇਡ ਰਾਜਧਾਨੀ ਦੱਸਦਿਆਂ ਕਿਹਾ ਕਿ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ ਦਿਵਾਉਣ ਵਾਲੀ ਕਰਨਭ ਮੱਲੇਸ਼ਵਰੀ ਵੀ ਯਮੁਨਾਨਗਰ ਦੀ ਰਹਿਣ ਵਾਲੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਾਰੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੀ ਹੈ। ਇਨ੍ਹਾਂ 9 ਸਾਲਾਂ ਵਿੱਚ ਮੋਦੀ ਸਰਕਾਰ ਨੇ ਹਰ ਜਨਤਾ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਨਫਰਤ ਦੇ ਬਾਜ਼ਾਰ’ ਸਬੰਧੀ ਟਿੱਪਣੀ ਲਈ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਖੌਤੀ ‘ਮੁਹੱਬਤ ਦੀ ਦੁਕਾਨ’ ਦੀ ਕੋਈ ਲੋੜ ਨਹੀਂ ਹੈ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਮੌਕੇ ਰੱਖਿਆ ਮੰਤਰੀ ਨੇ ‘ਗੌਰਵਸ਼ਾਲੀ ਭਾਰਤ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਯੋਜਨਾਵਾਂ ਜਿਨ੍ਹਾਂ ਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਉਹ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ, ‘ਪਰ ਸਾਡੇ ਕਾਂਗਰਸ ਦੇ ਲੋਕਾਂ ਨਾਲ ਕੀ ਹੋ ਰਿਹਾ ਹੈ? ਉਨ੍ਹਾਂ ਦੇ ਇੱਕ ਨੇਤਾ ਅਤੇ ਇਹ ਨੇਤਾਜੀ ਜਿੱਥੇ ਵੀ ਜਾਂਦੇ ਹਨ, ਕਹਿੰਦੇ ਹਨ ‘ਨਫਰਤ ਦਾ ਬਾਜ਼ਾਰ ਹੈ’ ਅਤੇ ਉਹ ‘ਮੁਹੱਬਤ ਦੀ ਦੁਕਾਨ’ ਖੋਲ੍ਹਣ ਆਏ ਹਨ।’ ਰੱਖਿਆ ਮੰਤਰੀ ਨੇ ਹਾਲਾਂਕਿ ਰਾਹੁਲ ਦਾ ਨਾਂ ਨਹੀਂ ਲਿਆ ਪਰ ਉਹ ਵਿਰੋਧੀ ਆਗੂ ਦੇ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਤਨਜ਼ ਕਸ ਰਹੇ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਹਾਕਮ ਧਿਰ ਭਾਜਪਾ ‘ਤੇ ਨਫਰਤ ਫੈਲਾਉਣ ਦਾ ਦੋਸ਼ ਲਾਇਆ ਸੀ।
ਰਾਜਨਾਥ ਨੇ ਕਿਹਾ, ‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਹਰਿਆਣਾ ‘ਚ ਕੋਈ ਨਫਰਤ ਦਾ ਬਾਜ਼ਾਰ ਹੈ?’ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਆਗੂ ਦੀ ਮੁਹੱਬਤ ਦੀ ਦੁਕਾਨ ਲਈ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਸਵਾਲ ਕੀਤਾ, ‘ਨਫਰਤ ਕਿੱਥੇ ਹੈ?’ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਭਾਰਤ ਕੌਮਾਂਤਰੀ ਮੰਚਾਂ ਤੋਂ ਬੋਲਦਾ ਸੀ ਤਾਂ ਲੋਕ ਉਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਸੀ ਕਿਉਂਕਿ ਉਹ ਇਸ ਨੂੰ ਕਮਜ਼ੋਰ ਤੇ ਗਰੀਬ ਮੁਲਕ ਸਮਝਦੇ ਸਨ ਪਰ ਅੱਜ ਭਾਰਤ ਨੂੰ ਕੌਮਾਂਤਰੀ ਮੰਚਾਂ ਤੋਂ ਸੁਣਿਆ ਜਾਂਦਾ ਹੈ। ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਮੈਨੀਫੈਸਟੋ ‘ਚ ਜੋ ਵੀ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਸ਼ਮੀਰ ‘ਚੋਂ ਧਾਰਾ-370 ਨੂੰ ਚੁਟਕੀ ਲੈ ਕੇ ਖਤਮ ਕਰ ਦਿੱਤਾ। ਅੱਜ ਕਸ਼ਮੀਰ ਨੂੰ ਵੀ ਦੂਜੇ ਰਾਜਾਂ ਵਾਂਗ ਹੀ ਦਰਜਾ ਪ੍ਰਾਪਤ ਹੈ। ਅੱਜ ਸਰਕਾਰ ਨੇ ਸੱਭਿਆਚਾਰਕ ਵਿਰਸੇ ਨੂੰ ਬਚਾਉਣ ਦਾ ਕੰਮ ਕੀਤਾ ਹੈ। ਭਾਜਪਾ ਨੇ ਪੁਰਾਣੀ ਵਿਰਾਸਤ ਨੂੰ ਸ਼ਾਨਦਾਰ ਦਿੱਖ ਦੇਣ ਦਾ ਕੰਮ ਕੀਤਾ ਹੈ। ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ 2024 ਵਿੱਚ ਤਿਆਰ ਹੋ ਜਾਵੇਗਾ। ਇਸ ਤੋਂ ਪਹਿਲਾਂ ਹਰਿਆਣਾ ਦੀ ਧਰਤੀ ‘ਤੇ ਆਉਣ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੇਂਦਰੀ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਹਰਿਆਣਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸਿੱਖਿਆ ਮੰਤਰੀ ਕੰਵਰਪਾਲ, ਸੰਸਦ ਮੈਂਬਰ ਰਾਮਚੰਦਰ ਜਾਂਗੜਾ ਅਤੇ ਅਨਿਲ ਅਗਰਵਾਲ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਿੱਚ ਰੱਖਿਆ, ਕਿਸਾਨੀ, ਸਿੱਖਿਆ ਵਰਗੇ ਖੇਤਰਾਂ ਤੇ ਹੋਈ ਤਰੱਕੀ ‘ਤੇ ਚਰਚਾ ਕੀਤੀ। ਇਸ ਮੌਕੇ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ, ਭਾਜਪਾ ਜ਼ਿਲ੍ਹਾ ਮੁਖੀ ਘੁੰਮਣ ਸਿੰਘ ਕਿਰਮਚ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਮੀਡੀਆ ਮੁਖੀ ਕਪਿਲ ਮਨੀਸ਼ ਗਰਗ, ਮੇਅਰ ਮਦਨ ਚੌਹਾਨ, ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਹੋਰ ਪਾਰਟੀ ਮੁਖੀ ਅਤੇ ਵਰਕਰ ਮੌਜੂਦ ਸਨ।