ਪੱਤਰ ਪ੍ਰੇਰਕ
ਫਰੀਦਾਬਾਦ, 30 ਨਵੰਬਰ
ਬੱਲਭਗੜ੍ਹ ਦੇ ਰਾਜਾ ਨਾਹਰ ਸਿੰਘ ਪੈਲੇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨਡੀਆਰਐੱਫ, ਸਵੈ-ਸੇਵੀ ਸੰਸਥਾਵਾਂ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਕੁਦਰਤੀ ਆਫ਼ਤਾਂ ਦੌਰਾਨ ਬਚਾਅ ਲਈ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਭੁਚਾਲ ਦੌਰਾਨ ਜ਼ਖਮੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ। ਡੀਆਰਓ ਬਿਜੇਂਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਮੌਕ ਡਰਿੱਲ ਦੌਰਾਨ ਫਸਟ ਏਡ ਅਤੇ ਸੀਪੀਆਰ ਚੈੱਕ ਬਾਰੇ ਜਾਣਕਾਰੀ ਦਿੱਤੀ ਗਈ। ਪਹਿਲੇ ਪੜਾਅ ਵਿਚ ਰੈੱਡ ਕਰਾਸ ਦੇ ਵਲੰਟੀਅਰਾਂ ਨੇ ਭੁਚਾਲ ਵਿਚ ਜ਼ਖਮੀ ਹੋਏ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲਾਂ ਵਿਚ ਪਹੁੰਚਾਇਆ। ਦੂਜੇ ਸੈਸ਼ਨ ਵਿੱਚ ਐੱਨਡੀਆਰਐੱਫ ਟੀਮ ਦੇ ਮੈਂਬਰਾਂ ਨੇ ਆਫ਼ਤ ਨਾਲ ਨਜਿੱਠਣ ਲਈ ਸਿਖਲਾਈ ਸੈਸ਼ਨ ਕਰਵਾਇਆ।