ਮਹਾਂਵੀਰ ਮਿੱਤਲ
ਜੀਂਦ, 21 ਸਤੰਬਰ
ਬੱਦੋਵਾਲ ਟੌਲ ਪਲਾਜ਼ਾ ਦੇ ਕੋਲ ਕਿਸਾਨਾਂ ਦਾ ਧਰਨਾ ਜਾਰੀ ਹੈ। ਜਿਸਦੇ ਕਿਸਾਨ ਨੇਤਾ ਸਵਰਗਵਾਸੀ ਘਾਸੀ ਰਾਮ ਨੈਣ ਦੀ ਚੌਥੀ ਵਰਸੀ ਮਨਾਈ ਗਈ। ਇਸ ਮੌਕੇ ਉੱਤੇ ਵੱਡੀ ਗਿਂਤੀ ਕਿਸਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ, ਕਿਸਾਨ ਨੇਤਾ ਸੁਰੇਸ਼ ਕੋਥ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਦੱਲੇਵਾਲ, ਅਭਿਮਨੂੰ ਕੋਹਾੜ, ਯੁੱਧਵੀਰ ਸਿੰਘ ਸਹਿਰਾਵਤ ਅਤੇ ਬਿਨੈਣ ਖਾਪ ਦੇ ਪ੍ਰਧਾਨ ਨਫ਼ੇ ਸਿੰਘ ਨੈਣ ਆਦਿ ਸਮੇਤ ਅਨੇਕਾਂ ਕਿਸਾਨ ਹਾਜ਼ਰ ਹੋਏ। ਘਾਸੀ ਰਾਮ ਦੀ ਤਸਵੀਰ ਉੱਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਨਫ਼ੇ ਸਿੰਘ ਨੈਣ ਨੇ ਨਰੇਸ਼ ਟਿਕੈਤ ਨੂੰ ਪਟਕਾ ਪਹਿਣਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਨਰੇਸ਼ ਟਿਕੈਤ ਨੇ ਕਿਹਾ ਕਿ ਖੇਤੀ ਦੇ ਤਿੰਨ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ 10 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਇਸਦੇ ਚਲਦੇ ਕਈ ਸੂਬਿਆਂ ਵਿੱਚ ਸਾਡਾ ਭਾਈਚਾਰਾ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ ਨਾ ਮੰਨਣਾ ਪ੍ਰਧਾਨ ਮੰਤਰੀ ਦੀ ਜਿੱਦ ਹੈ ਅਤੇ ਇਹੀ ਅੰਦੋਲਨ ਇਸ ਸਰਕਾਰ ਨੂੰ ਲੈ ਡੁੱਬੇਗਾ। ਉਨ੍ਹਾਂ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਰੂਪ ਨਾਲ ਸਫਲ ਬਨਾਉਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੀ ਹਮਾਇਤ ’ਚ ਕਿਸਾਨ ਸੰਘਰਸ਼ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਤੇ ਕਾਰਪੋਰਪੇਟ ਘਰਾਣਿਆਂ ਨੂੰ ਰਗੜੇ ਲਾਏ।
ਨਰੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ ਲੇਕਿਨ ਕਿਸਾਨ ਅਪਣੀ ਸੂਝ-ਬੂਝ ਨਾਲ ਅੰਦੋਲਨ ਨੂੰ ਅੱਗੇ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਖਾਲੀ ਨਹੀਂ ਜਾਵੇਗੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਉੱਤੇ ਬਲਬੀਰ ਸਿੰਘ, ਹੁਸ਼ਿਆਰ ਸਿੰਘ ਨੈਣ, ਸੁਨੀਲ ਬੱਦੋਵਾਲ, ਮਹਿੰਦਰ ਗੋਇਤ, ਪ੍ਰਿਥੀ ਸਿੰਘ ਸਰਪੰਚ ਧਰਮਪਾਲ ਮਾਲਹਾ, ਇਸਵਰ ਸਿੰਘ ਦਨੌਦਾ, ਸਤਿਆਵਾਨ ਨੈਣ ਦਨੋਦਾ ਅਤੇ ਰਾਜਵੀਰ ਸਿੰਘ ਸਰਪੰਚ ਆਦਿ ਵੀ ਹਾਜ਼ਰ ਸਨ।
ਰਤੀਆ (ਕੇ.ਕੇ ਬਾਂਸਲ): ਸਰਬ ਭਾਰਤੀ ਕਿਸਾਨ ਸਭਾ, ਸਰਬ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੀ ਇੱਕ ਮੀਟਿੰਗ ਜਗਦੀਸ਼ ਫੂਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸਨੂੰ ਸੰਬੋਧਨ ਕਰਦਿਆਂ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਚੰਦ ਸਹਿਲਾਨ ਨੇ 27 ਸਤੰਬਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਭਾਰਤ ਬੰਦ ਨੂੰ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਲਗਾਤਾਰ ਕਿਸਾਨਾਂ ’ਤੇ ਹਮਲੇ ਕੀਤੇ ਜਾ ਰਹੇ ਹਨ, ਜਿਸਦੇ ਕਾਰਨ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬੰਦ ਵਿੱਚ ਫਤਿਆਬਾਦ ਜ਼ਿਲ੍ਹੇ ਦੀਆਂ ਸਾਰੀਆਂ ਖੱਬੇ ਪੱਖੀ ਧਿਰਾਂ ਪੂਰਨ ਰੂਪ ਵਿੱਚ ਭਾਗ ਲੈਣਗੀਆਂ। ਇਸ ਮੌਕੇ ਕਾ. ਛਤਰਪਾਲ ਸਿੰਘ, ਮੰਗਤ ਰਾਮ ਸਹਿਨਾਲ, ਸੁਖਵਿੰਦਰ ਸਿੰਘ ਮਹਿਮੜਾ, ਮਲਕੀਤ ਸਿੰਘ, ਪ੍ਰਭੂ ਸਿੰਘ ਫੂਲਾਂ, ਕੁਲਵੰਤ ਕੁਮਾਣਾ ਆਦਿ ਹਾਜ਼ਰ ਸਨ।