ਅੰਬਾਲਾ: ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ। ਬੀਤੇ ਦਿਨ ਜੇਲ੍ਹ ਵਿੱਚ ਤਲਾਸ਼ੀ ਮੁਹਿੰਗ ਚਲਾਈ ਗਈ ਤਾਂ ਜੇਲ੍ਹ ਪ੍ਰਸ਼ਾਸਨ ਨੇ ਹਵਾਲਾਤੀ ਅਰਜਨ ਉਰਫ਼ ਕਟੋਰਾ ਕੋਲੋਂ ਬੈਟਰੀ ਸਮੇਤ ਮੋਬਾਈਲ ਫ਼ੋਨ ਬਰਾਮਦ ਕੀਤਾ। ਖ਼ਾਸ ਗੱਲ ਇਹ ਹੈ ਕਿ ਪਹਿਲਾਂ ਵੀ ਇਸ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋ ਚੁੱਕੇ ਹਨ ਅਤੇ ਉਹ 17 ਮਾਮਲਿਆਂ ਵਿੱਚ ਜੇਲ੍ਹ ਅੰਦਰ ਬੰਦ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਪੁੱਛਗਿਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਮੋਬਾਈਲ ਫ਼ੋਨ ਬਾਹਰੋਂ ਜੇਲ੍ਹ ਦੇ ਅੰਦਰ ਸੁਟਵਾ ਲੈਂਦਾ ਹੈ। ਬਲਦੇਵ ਨਗਰ ਪੁਲੀਸ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਉਸ ਦੇ ਫੋਨ ਦੀ ਕਾਲ ਡਿਟੇਲ ਅਤੇ ਡੇਟਾ ਕਢਵਾਇਆ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ