ਪੱਤਰ ਪ੍ਰੇਰਕ
ਫਰੀਦਾਬਾਦ, 29 ਅਕਤੂਬਰ
ਵਿਧਾਇਕ ਸੀਮਾ ਤ੍ਰਿਖਾ ਨੇ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਿਨਾਂ ਪੁੱਛੇ ਬੜਖਲ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਰਹੇ ਹਨ। ਸੀਮਾ ਤ੍ਰਿਖਾ ਨੇ ਅੱਜ ਖ਼ਜ਼ਾਨਾ ਦਫ਼ਤਰ ਵਿਖੇ ਜ਼ਿਲ੍ਹਾ ਵਿਕਾਸ ਯੋਜਨਾ ਤਹਿਤ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ| ਵਿਧਾਇਕਾ ਨੇ ਦੱਸਿਆ ਕਿ ਭਾਜਪਾ ਦੇ 8 ਸਾਲ ਦੇ ਸਫਲਤਾਪੂਰਵਕ ਪੂਰੇ ਹੋਣ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਫਰੀਦਾਬਾਦ ’ਚ ਸਫਲ ਜਨ ਉਤਸਵ ਰੈਲੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਰਾਜ ਦੀ ਮਨੋਹਰ ਸਰਕਾਰ ਦੀ ਅਗਵਾਈ ਵਿੱਚ ਦੇਸ਼ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ ਅਤੇ ਦੇਸ਼ ਵਿੱਚ ਲਏ ਇਤਿਹਾਸਕ ਫੈਸਲਿਆਂ ਤੋਂ ਬਾਅਦ ਦੇਸ਼ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਮੁਕਾਮ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਬਡਖਲ ਵਿਧਾਨ ਸਭਾ ਹਲਕੇ ਵਿੱਚ 130 ਕਰੋੜ ਰੁਪਏ ਦੀ ਰਾਸ਼ੀ ਨਾਲ ਸੀਪ/ਪੀਪੀਪੀ ਮੋਡ ’ਤੇ ਆਧੁਨਿਕ ਸਹੂਲਤਾਂ ਵਾਲਾ ਰਾਜ ਦਾ ਪਹਿਲਾ ਨਿੱਜੀ ਭਾਈਵਾਲ ਬੱਸ ਪੋਰਟ ਬਣਾਉਣ ਦਾ ਕੰਮ ਕੀਤਾ ਹੈ। ਉਪਰੰਤ ਵਿਧਾਇਕ ਸੀਮਾ ਤ੍ਰਿਖਾ ਨੇ ਖਜ਼ਾਨਾ ਦਫ਼ਤਰ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਪੂਰੇ ਖਜ਼ਾਨਾ ਦਫਤਰ ਦੇ ਕੰਮ ਦੀ ਵੀ ਜਾਂਚ ਕੀਤੀ।