ਪੱਤਰ ਪ੍ਰੇਰਕ
ਫਰੀਦਾਬਾਦ, 19 ਜੁਲਾਈ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰੀ ਹਿੱਸੇ ਤੋਂ ਲੈ ਕੇ ਹਰਿਆਣਾ ਦੇ ਫਰੀਦਾਬਾਦ, ਗੁਰਗ੍ਰਾਮ ਤੇ ਤਾਵੜੂ ਸਣੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਤੱਕ ਫੈਲੀ ਅਰਾਵਲੀ ਪਹਾੜੀ ’ਤੇ ਖਣਨ ਮਾਫ਼ੀਆ ਦੀ ਹਮੇਸ਼ਾਂ ਹੀ ਨਜ਼ਰ ਰਹੀ ਹੈ। ਖਣਨ ਮਾਫ਼ੀਆ ਵੱਲੋਂ ਡੀਐਸਪੀ ਦੀ ਜਾਨ ਲੈਣ ਮਗਰੋਂ ਹੁਣ ਇਹ ਮਾਫ਼ੀਆ ਮੁੜ ਚਰਚਾ ਵਿੱਚ ਆ ਗਿਆ ਹੈ। ਸਿਆਸੀ ਆਗੂਆਂ, ਸਥਾਨਕ ਪ੍ਰਸ਼ਾਸਨ ਦੇ ਕਥਿਤ ਸਿੱਧੇ-ਅਸਿੱਧੇ ਗੱਠਜੋੜ ਕਾਰਨ ਇਸ ਪਹਾੜੀ ਵਿੱਚੋਂ ਪੱਥਰਾਂ ਦੀ ਚੋਰੀ ਵੱਡੀ ਪੱਧਰ ’ਤੇ ਹੁੰਦੀ ਆਈ ਹੈ। ਉੱਤਰ-ਪੱਛਮੀ ਭਾਰਤ ਵਿੱਚ ਕਰੀਬ 670 ਕਿਲੋਮੀਟਰ ਇਲਾਕੇ ਵਿੱਚ ਦੱਖਣੀ-ਪੱਛਮੀ ਦਿਸ਼ਾ ਵਿੱਚ ਫੈਲੀ ਇਸ ਪਹਾੜੀ ਦਾ ਇੱਕ ਸਿਰਾ ਦਿੱਲੀ ਨੇੜਿਓਂ ਸ਼ੁਰੂ ਹੁੰਦਾ ਹੈ ਤੇ ਅਹਿਮਦਾਬਾਦ (ਗੁਜਰਾਤ) ਵਿੱਚ ਇਸ ਦਾ ਅੰਤ ਹੁੰਦਾ ਹੈ। ਇਸ ਦਾ ਉੱਚਾ ਹਿੱਸਾ ਗੁਰੂ ਸ਼ਿਖਰ ਹੈ ਜੋ ਮਾਊਂਟ ਆਬੂ ਉੱਪਰ 1722 ਮੀਟਰ ਉੱਚਾ ਹੈ।
ਦਿੱਲੀ ਦੇ ਨੇੜੇ ਹੋਣ ਕਰ ਕੇ ‘ਸਟੋਨ ਡਸਟ’ (ਪੱਥਰਾਂ ਨੂੰ ਪੀਹ ਕੇ ਬਣਾਇਆ ਉਸਾਰੀ ਲਈ ਰੇਤਾ) ਦੀ ਮਕਾਨ ਬਣਾਉਣ ਸਮੇਂ ਬਹੁਤ ਲੋੜ ਰਹਿੰਦੀ ਹੈ। ਇਸ ਕਰ ਕੇ ਪੱਥਰਾਂ ਦੀ ਚੋਰੀ ਲਈ ਖਣਨ ਮਾਫ਼ੀਆ ਦਿਨ-ਰਾਤ ਸਰਗਰਮ ਰਹਿੰਦਾ ਹੈ। ਪੁਲੀਸ ਤੇ ਪ੍ਰਸ਼ਾਸਨ ਨਾਲ ਮਾਫ਼ੀਆ ਦੀ ਕਥਿਤ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਵਾਹਨ ਖਾਣਾਂ ਵਿੱਚੋਂ ਪੱਥਰ ਲੈ ਨਿਕਲਦੇ ਹਨ ਉਹ ਤੈਅ ਭਾਰ ਤੋਂ ਵੱਧ ਦੇ ਪੱਥਰ ਲੈ ਕੇ ਚੱਲਦੇ ਹਨ। ਰਾਹਾਂ ਵਿੱਚ ਆਉਂਦੀਆਂ ਪੁਲੀਸ ਚੌਕੀਆਂ ਦੇ ਪੁਲੀਸ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਾਬਾਦ, ਗੁਰੂਗ੍ਰਾਮ ਆਦਿ ਖੇਤਰਾਂ ਦੇ ਕਈ ਸਿਆਸੀ ਆਗੂਆਂ ਦੇ ਖਾਣਾਂ ਵਿੱਚ ਕਥਿਤ ਹਿੱਸੇ ਹਨ। ਇਹ ਆਗੂ ਕਾਂਗਰਸ, ਭਾਜਪਾ, ਇਨੈਲੋ, ਜੇਜੇਪੀ ਅਤੇ ‘ਆਪ’ ਆਦਿ ਨਾਲ ਸਿੱਧੇ-ਅਸਿੱਧੇ ਜੁੜੇ ਹੋਏ ਹਨ।