ਅੰਬਾਲਾ (ਰਤਨ ਸਿੰਘ ਢਿੱਲੋਂ): ਸ਼ਹਿਰ ਦੇ ਦਰਜੀਆਂ ਵਾਲਾ ਚੌਕ ਵਿੱਚ ਸਥਿਤ ਬੱਗਾ ਜਿਊਲਰਜ਼ ਦੁਕਾਨ ਦਾ ਸ਼ਟਰ ਤੋੜ ਕੇ ਅੱਜ ਤੜਕੇ ਚੋਰਾਂ ਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ। ਇਹ ਵਾਰਦਾਤ ਸਵੇਰੇ 4 ਤੋਂ 4.30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਪੁਲੀਸ, ਸੀਆਈਏ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਦੁਕਾਨ ਮਾਲਕ ਸੰਜੈ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਦੁਕਾਨ ਦੇ ਉੱਪਰ ਹੈ। ਸਵੇਰੇ ਕਿਸੇ ਗੁਆਂਢੀ ਨੇ ਦੁਕਾਨ ਦੀ ਹਾਲਤ ਦੇਖ ਕੇ ਉਨ੍ਹਾਂ ਨੂੰ ਫ਼ੋਨ ਕੀਤਾ। ਉਨ੍ਹਾਂ ਥੱਲੇ ਆ ਕੇ ਦੇਖਿਆ ਕਿ ਚੋਰ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਦਾ ਦਰਵਾਜ਼ਾ ਤੋੜ ਕੇ ਵੱਡੀ ਗਿਣਤੀ ਵਿੱਚ ਚਾਂਦੀ ਦੇ ਤੇ ਕੁਝ ਸੋਨੇ ਦੇ ਗਹਿਣੇ ਅਤੇ ਕਰੀਬ ਡੇਢ ਲੱਖ ਰੁਪਏ ਦੀ ਨਗਦੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।