ਪੱਤਰ ਪ੍ਰੇਰਕ
ਯਮੁਨਾਨਗਰ, 15 ਨਵੰਬਰ
ਸੰਤਾਂ ਦੇ ਸ਼ਾਹੀ ਇਸ਼ਨਾਨ ਦੇ ਨਾਲ ਹੀ ਉਤਰੀ ਭਾਰਤ ਦਾ ਧਾਰਮਿਕ, ਇਤਿਹਾਸਕ ਪ੍ਰਸਿੱਧ ਮੇਲਾ ਕਪਾਲ ਮੋਚਨ ਸ਼ੁਰੂ ਹੋ ਗਿਆ। ਮਾਨਤਾ ਹੈ ਕਿ ਭਗਵਾਨ ਸ਼ਿਵ, ਭਗਵਾਨ ਕ੍ਰਿਸ਼ਨ, ਪਾਂਡਵ, ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਰਨਾਂ ਦੀ ਛੂਹ ਨਾਲ ਸਮੇਂ ਸਮੇਂ ’ਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਜਿਸ ਕਰਕੇ ਇਹ ਤੀਰਥ ਸਰਬ ਸਾਂਝਾ ਤੀਰਥ ਮੰਨਿਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਆਏ ਸੰਤਾਂ ਨੇ ਮੇਲੇ ਦੀ ਵਿਵਸਥਾ ਅਤੇ ਸਾਫ ਸਫਾਈ ਦੀ ਸ਼ਲਾਘਾ ਕੀਤੀ ਅਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਕਰਕੇ ਪਿੱਛਲੇ ਸਾਲ ਇਹ ਮੇਲਾ ਨਹੀਂ ਹੋ ਸਕਿਆ ਸੀ ਜਿਸ ਕਰਕੇ ਇਸ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਉਣ ਦੀ ਆਸ ਹੈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਪਾਲਮੋਚਨ ਸਰੋਵਰ, ਰਿਣ ਮੋਚਨ ਸਰੋਵਰ ਅਤੇ ਸੂਰਜਕੁੰਡ ਸਰੋਵਰ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਐਸਡੀਐਮ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੇਲੇ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਨੂੰ ਕਰੋਨਾ ਗਾਈਡਲਾਈਨ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਲੋਕਾਂ ਵਿੱਚ ਮੇਲੇ ਲਈ ਉਤਸ਼ਾਹ ਨਜ਼ਰ ਆ ਰਿਹਾ ਹੈ।