ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸੇ ਸਮੇਂ ਹਰਿਆਣਾ ਖੇਤੀਬਾੜੀ ਨਾਲ ਸਬੰਧਤ ਸੂਬੇ ਵਜੋਂ ਜਾਣਿਆ ਜਾਂਦਾ ਸੀ, ਹੁਣ ਖੇਤੀ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿੱਚ ਵੀ ਅੱਗੇ ਵਧਦਾ ਜਾ ਰਿਹਾ ਹੈ। ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਖਰਖੌਦਾ ਵਿੱਚ 900 ਏਕੜ ਥਾਂ ’ਤੇ ਮਾਰੂਤੀ ਕੰਪਨੀ ਪਲਾਂਟ ਲਗਾਉਣ ਜਾ ਰਹੀ ਹੈ, ਜਿਸ ’ਤੇ ਮਾਰੂਤੀ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰੇਗੀ। ਇਸ ਲਈ ਅੱਜ ਗੁਰੂਗ੍ਰਾਮ ਵਿੱਚ ਹੋਏ ਸਮਾਗਮ ਦੌਰਾਨ ਹਰਿਆਣਾ ਸਰਕਾਰ ਅਤੇ ਮਾਰੂਤੀ ਦਰਮਿਆਨ ਸਮਝੌਤਾ ਹੋਇਆ। ਸਮਝੌਤੇ ਅਨੁਸਾਰ ਮਾਰੂਤੀ ਕੰਪਨੀ 800 ਏਕੜ ’ਤੇ ਇਲੈਕਟ੍ਰਿਕ ਕਾਰਾਂ ਬਣਾਵੇਗੀ ਜਦਕਿ 100 ਏਕੜ ਥਾਂ ’ਤੇ ਮੋਟਰਸਾਈਕਲ ਤਿਆਰ ਕੀਤੇ ਜਾਣਗੇ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਮਾਰੂਤੀ ਦਾ ਪਲਾਂਟ ਸਥਾਪਤ ਹੋਣ ਨਾਲ 15 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਜਿਸ ਵਿੱਚੋਂ 75 ਫ਼ੀਸਦ ਨੌਜਵਾਨ ਹਰਿਆਣਾ ਦੇ ਹੋਣਗੇ।