ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 19 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਸੂਬੇ ਵਿੱਚ ਨਵੇਂ ਪਲਾਂਟ ਲਈ ਖਰਖੌਦਾ, ਸੋਨੀਪਤ ਵਿੱਚ 900 ਏਕੜ ਜ਼ਮੀਨ ਮਾਰੂਤੀ ਸੁਜ਼ੂਕੀ ਇੰਡੀਆ ਨੂੰ ਤਬਦੀਲ ਕਰਨ ਦੇ ਸਮਝੌਤੇ ’ਤੇ ਗੁਰੂਗ੍ਰਾਮ ਵਿੱਚ ਹਸਤਾਖਰ ਕੀਤੇ ਹਨ। ਇਹ ਸੂਬੇ ਵਿੱਚ ਮਾਰੂਤੀ ਉਦਯੋਗ ਦਾ ਸਭ ਤੋਂ ਵੱਡਾ ਨਿਵੇਸ਼ ਹੋਵੇਗਾ, ਜਿਸ ਵਿੱਚ ਕਰੋੜਾਂ ਰੁਪਏ ਤੋਂ ਵੱਧ ਨਿਵੇਸ਼ ਕਰਨ ਦੀ ਯੋਜਨਾ ਹੈ। 20,000 ਕਰੋੜ ਦੇ ਸਮਝੌਤਿਆਂ ’ਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ/ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਵਿਚਕਾਰ ਹਸਤਾਖਰ ਕੀਤੇ ਗਏ ਹਨ। ਮਾਰੂਤੀ ਦੇ ਨਵੇਂ ਪਲਾਂਟ ਖਰਖੌਦਾ ਵਿੱਚ ਕ੍ਰਮਵਾਰ 800 ਏਕੜ ਅਤੇ 100 ਏਕੜ ਜ਼ਮੀਨ ਵਿੱਚ ਲਗਾਏ ਜਾਣੇ ਹਨ। ਇਸ ਨੂੰ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ 40 ਸਾਲਾਂ ਬਾਅਦ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਵੀ ਇਕ ਸਮਝੌਤਾ ਕੀਤਾ ਗਿਆ ਸੀ, ਜਿਸ ਨੇ ਹਰਿਆਣਾ ਦੇ ਵਿਕਾਸ ਦੀ ਤਸਵੀਰ ਤੇ ਕਿਸਮਤ ਨੂੰ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਅੱਜ ਇਕ ਨਵੇਂ ਸਮਝੌਤੇ ’ਤੇ ਹਸਤਾਖਰ ਕੀਤੇ ਗਏ, ਜਿਸ ਵਿਚ ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਰਾਹੀਂ 900 ਏਕੜ ਜ਼ਮੀਨ ਨੂੰ ਅਧਿਕਾਰਤ ਕੀਤਾ ਗਿਆ। ਇਹ ਜ਼ਮੀਨ ਅੱਜ ਮਾਰੂਤੀ ਸੁਜ਼ੂਕੀ ਨੂੰ ਸੌਂਪ ਦਿੱਤੀ ਗਈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ 2400 ਕਰੋੜ ਰੁਪਏ ਐੱਚਐੱਸਆਈਆਈਡੀਸੀ ਰਾਹੀਂ ਹਰਿਆਣਾ ਨੂੰ ਦਿੱਤੇ ਗਏ ਹਨ। 13,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਪਲਾਂਟ ਲਈ ਜ਼ਮੀਨ ਖਰੀਦਣ ਲਈ 2400 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ 20,000 ਕਰੋੜ ਦਾ ਨਿਵੇਸ਼ ਕੀਤਾ ਜਾਣਾ ਹੈ।
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ 2.5 ਲੱਖ ਯੂਨਿਟ ਪ੍ਰਤੀ ਸਾਲਾਨਾ ਉਤਪਾਦਨ ਸਮਰੱਥਾ ਵਾਲੇ ਨਵੇਂ ਪਲਾਂਟ ਦੇ ਪਹਿਲੇ ਪੜਾਅ ਦੇ 2025 ਤੱਕ ਚਾਲੂ ਹੋਣ ਦੀ ਉਮੀਦ ਹੈ। ਪਹਿਲੇ ਪੜਾਅ ਵਿੱਚ 11,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਵੇਗਾ।