ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 3 ਨਵੰਬਰ
ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਟ ਨੂੰ ਸਰਕਾਰ ਦੁਆਰਾ ਖੇਡਾਂ ਵਿੱਚ ਤਿੰਨ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਟ ਦੇ ਸਾਬਕਾ ਵਿਦਿਆਰਥੀ ਅਭਿਸ਼ੇਕ ਵਰਮਾ ( ਕੌਮਾਂਤਰੀ ਨਿਸ਼ਾਨੇਬਾਜ਼ ਚੈਂਪੀਅਨ) ਨੂੰ ਅਰਜੁਨ ਪੁਰਸਕਾਰ, ਖੇਡ ਨਿਰਦੇਸ਼ਕ ਤੇ ਸਾਬਕਾ ਕ੍ਰਿਕਟਰ ਸਰਕਾਰ ਤਲਵਾਰ ਨੂੰ ਦਰੋਣਾਚਾਰੀਆ ਪੁਰਸਕਾਰ ਤੇ ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਟ ਨੂੰ ਕੌਮੀ ਖੇਡ ਪ੍ਰੋਤਸਾਹਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਪੁਰਸਕਾਰ ਰਾਸ਼ਟਰਪਤੀ ਵੱਲੋਂ 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਮਾਨਵ ਰਚਨਾ ਵਿਦਿਅਕ ਸੰਸਥਾਵਾਂ ਦੇ ਉਪ ਪ੍ਰਧਾਨ ਡਾ. ਅਮਿਤ ਭੱਲਾ ਨੇ ਕਿਹਾ ਕਿ ਇਹ ਪੁਰਸਕਾਰ ਸਾਡੇ ਦੇਸ਼ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸਾਡੇ ਲਗਾਤਾਰ ਯਤਨਾ ਦੀ ਮਾਨਤਾ ਹਨ। ਸਿਲਵਰ ਜੁਬਲੀ ਸਾਲ ’ਤੇ ਇਹ ਪੁਰਸਕਾਰ ਹੋਰ ਵੀ ਖਾਸ ਬਣ ਗਏ ਹਨ। ਸਰਕਾਰ ਤਲਵਾੜ ਮਾਨਵ ਰਚਨਾ ਦੇ ਖੇਡ ਨਿਰਦੇਸ਼ਕ ਹਨ। ਉਹ ਕ੍ਰਿਕਟ ਲੈਵਲ 4 ਕੋਚ, ਇੰਗਲੈਂਡ ਵਿੱਚ ਜੇਤੂ ਭਾਰਤੀ ਜੂਨੀਅਰ ਵਿਸ਼ਵ ਕੱਪ ਕ੍ਰਿਕਟ ਟੀਮ ਦਾ ਮੁੱਖ ਕੋਚ ਤੇ ਭੀਮ ਐਵਾਰਡ (ਹਰਿਆਣਾ ਰਾਜ ਸਰਵਸ਼੍ਰੇਸ਼ਠ ਖਿਡਾਰੀ ਐਵਾਰਡ) ਦੇ ਨਾਲ-ਨਾਲ ਲਾਈਫਟਾਈਮ ਪਰਫਾਰਮੈਂਸ ਅਚੀਵਮੈਂਟ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਨਿਸ਼ਾਨੇਬਾਜ਼ ਤੇ ਮਾਨਵ ਰਚਨਾ ਦੇ ਸਾਬਕਾ ਵਿਦਿਆਰਥੀ ਅਭਿਸ਼ੇਕ ਵਰਮਾ ਨੂੰ ਨਿਸ਼ਾਨੇਬਾਜ਼ੀ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।