ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਮਈ
ਖੇਤਰ ’ਚ ਨਸ਼ਿਆਂ ਦੀ ਵਧ ਰਹੀ ਵਰਤੋਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਲਈ ਪਿੰਡ ਬੀਰੂਵਾਲਾ ਗੁੜਾ ਵਿੱਚ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਰਾਜਨੀਤਕ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਯੂਥ ਕਲੱਬਾਂ, ਕਿਸਾਨ ਜਥੇਬੰਦੀਆਂ, ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪਤਵੰਤਿਆਂ ਨੇ ਉਚੇਚੇ ਤੌਰ ’ਤੇ ਭਾਗ ਲਿਆ।
ਇਸ ਮਹਾਪੰਚਾਇਤ ਵਿੱਚ ਕਾਂਗਰਸ ਵੱਲੋਂ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਭਾਜਪਾ ਤੋਂ ਸਾਬਕਾ ਵਿਧਾਇਕ ਬਲਕੌਰ ਸਿੰਘ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਰਤਨਪਾਲ ਸਿੰਘ ਕਿੰਗਰਾ, ਡਾ. ਦੀਪਿੰਦਰ ਸਿੰਘ ਦੇਸੂਜੋਧਾ, ਜੇਜੇਪੀ ਤੋਂ ਮੱਘਰ ਸਿੰਘ ਨੇਜਾਡੇਲਾ ਕਲਾਂ, ਨਿਰਮਲ ਸਿੰਘ ਮਲੜੀ, ਸਵਾਈ ਸਿੰਘ ਸੂਰਤੀਆ, ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ, ਕਿਸਾਨ ਆਗੂ ਲੱਖਾ ਸਿੰਘ ਅਲੀਕਾਂ, ਕਿਸਾਨ ਆਗੂ ਸਿਕੰਦਰ ਸਿੰਘ ਰੋੜੀ, ਨੌਜਵਾਨ ਭਾਰਤ ਸਭਾ ਤੋਂ ਵਕੀਲ ਸਿੰਘ ਰੋੜੀ, ਪਿੰਡ ਬੀਰੂਵਾਲਾ ਗੁੜ ਗ੍ਰਾਮ ਪੰਚਾਇਤ, ਨੌਜਵਾਨ ਕਲੱਬ ਆਦਿ ਸਣੇ ਅਲੀਕਾਂ, ਬੜਾਗੁੜਾ, ਝਿੜੀ, ਝੋਰੜ ਰੋਹੀ, ਮਲੜੀ, ਥਿਰਾਜ ਆਦਿ ਪਿੰਡਾਂ ਦੇ ਪਤਵੰਤਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਨਸ਼ਾਮੁਕਤ ਸਮਾਜ ਸਿਰਜਣਾ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪਿੰਡਾਂ ਨੂੰ ਨਸ਼ਾਮੁਕਤ ਬਣਾਉਣ ਲਈ ਇੱਕਸੁਰ ਵਿੱਚ ਚਰਚਾ ਕੀਤੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਪਾਉਣ ਸਬੰਧੀ ਵਿਚਾਰ ਰੱਖੇ। ਇਸ ਮੌਕੇ ਹਾਜ਼ਰ ਸਭ ਨੇ ਨਸ਼ਿਆਂ ਵਿਰੁੱਧ ਤੇ ਆਪੋ-ਆਪਣੇ ਪਿੰਡਾਂ ਵਿੱਚ ਨਸ਼ੇ ਦਾ ਕਾਰੋਬਾਰ ਚਲਾ ਰਹੇ ਲੋਕਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਦੀ ਮੰਗ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਖੇਤਰ ਵਿਚ ਨਸ਼ਿਆਂ ਕਾਰਨ ਲਗਭਗ ਰੋਜ਼ਾਨਾ ਇੱਕ ਨੌਜਵਾਨ ਦੀ ਮੌਤ ਹੋ ਰਹੀ ਹੈ। ਸ਼ਹਿਰ ਦੇ ਸਮਾਜਸੇਵੀ ਆਗੂਆਂ ਨੇ ਪੁਲੀਸ ਤੋਂ ਨਸ਼ਾ ਤਸਕਰਾਂ ’ਤੇ ਸਖ਼ਤੀ ਦੀ ਮੰਗ ਕੀਤੀ ਹੈ। ਸੰਜੇ ਮਿੱਢਾ, ਵਕੀਲ ਲਛਮਣ ਦਾਸ ਕਨਵਾੜੀਆ, ਅਮਨ ਡੱਬਵਾਲੀ ਅਤੇ ਨਵਨੀਤ ਕਨਵਾੜੀਆ ਨੇ ਡੀਐੱਸਪੀ ਕੁਲਦੀਪ ਬੈਣੀਵਾਲ ਨੂੰ ਮੰਗ ਪੱਤਰ ਸੌਂਪ ਕੇ ਕਿਹਾ ਕਿ ਡੱਬਵਾਲੀ ਸ਼ਹਿਰ ਬੁਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਵਿੱਚ ਹੈ। ਹਰ ਰੋਜ਼ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਰਿਹਾ ਹੈ। ਸ਼ਹਿਰ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਥਾਵਾਂ ਅਤੇ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾਵੇ, ਜੋ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ। ਤੁਰੰਤ ਪ੍ਰਭਾਵ ਨਾਲ ਪੁਲੀਸ ਉਨ੍ਹਾਂ ਸਖ਼ਤੀ ਕਰੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾਇਆ ਜਾਵੇ ਅਤੇ ਇਲਾਜ ਵਿੱਚ ਮਾਹਿਰ ਦੋ ਡਾਕਟਰਾਂ ਦੀ ਪੱਕੀ ਡਿਊਟੀ ਲਗਾਈ ਜਾਵੇ। ਡੀਐਸਪੀ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਸਮੂਹ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।