ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪਸ਼ੂਆਂ ’ਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਪਸ਼ੂਆਂ ਨੂੰ ਇਕ ਤੋਂ ਦੂਜੀ ਥਾਂ ਲਿਜਾਣ ’ਤੇ ਪਾਬੰਦੀ ਲਗਾਈ ਗਈ ਹੈ। ਦੂਜੇ ਸੂਬਿਆਂ ਨਾਲ ਲਗਦੀ ਹੱਦ ’ਤੇ ਪੁਲੀਸ ਨਾਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੰਪੀ ਰੋਗ ਜ਼ਿਆਦਾਤਰ ਗਾਵਾਂ ਤੇ ਮੱਝਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਰੋਗ ਦੀ ਲਾਗ ਇਕ ਪਸ਼ੂ ਤੋਂ ਦੂਜੇ ਵਿੱਚ ਤੇਜ਼ੀ ਨਾਂਲ ਫੈਲਣ ਦਾ ਖਦਸ਼ਾ ਹੈ। ਇਸ ਲਈ ਪਸ਼ੂਆਂ ਨੂੰ ਮੇਲਿਆਂ ਤੇ ਜ਼ਿਲ੍ਹੇ ਤੋਂ ਬਾਹਰ ਲਿਜਾਣ ’ਤੇ ਪਾਬੰਦੀ ਲਗਾਈ ਗਈ ਹੈ, ਤਾਂ ਜੋ ਇਸ ਬੀਮਾਰੀ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਹੋਣ ’ਤੇ ਸਬੰਧਤ ਐਡੀਐਮ ਤੋਂ ਆਗਿਆ ਲੈਣ ਮਗਰੋਂ ਹੀ ਕਿਸੇ ਪਸ਼ੂ ਨੂੰ ਇਕ ਤੋਂ ਦੂਜੀ ਥਾਂ ਲਿਜਾਇਆ ਜਾ ਸਕੇਗਾ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।