ਨਿੱਜੀ ਪੱਤਰ ਪ੍ਰੇਰਕ
ਸਿਰਸਾ, 25 ਅਗਸਤ
ਇਥੋਂ ਦੇ ਜਨਤਾ ਭਵਨ ਰੋਡ ’ਤੇ ਸਥਿਤ ਇਕ ਵਪਾਰੀ ਤੋਂ ਬੀਤੇ ਦਿਨੀਂ ਪਿਸਤੌਲ ਨਾਲ ਡਰਾ ਕੇ ਢਾਈ ਲੱਖ ਰੁਪਏ ਲੁੱਟਣ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਚਿਨ ਵਾਸੀ ਕੀਰਤੀ ਨਗਰ, ਮਹਾਨ ਵਾਸੀ ਧਿੰਗਤਾਣੀਆ, ਅਕਸ਼ ਤੇ ਦੀਪੂ ਵਾਸੀ ਸੁਖਸਾਗਰ ਕਲੋਨੀ ਸਿਰਸਾ ਵਜੋਂ ਹੋਈ ਹੈ। ਡੀਐੱਸਪੀ ਆਰਿਅਨ ਚੌਧਰੀ ਨੇ ਦੱਸਿਆ ਕਿ 21 ਅਗਸਤ ਨੂੰ ਸਚਿਨ, ਅਕਸ਼ ਤੇ ਮਹਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਨਤਾ ਭਵਨ ਸਥਿਤ ਬਿਲਡਿੰਗ ਮੈਟੀਰੀਅਲ ਦੀ ਦੁਕਾਨ ਤੋਂ ਸੀਮਿਟ ਦਾ ਭਾਅ ਪਤਾ ਕਰਨ ਬਹਾਨੇ ਆਏ ਤੇ ਦੁਕਾਨ ਮਾਲਕ ਨੂੰ ਪਿਸਤੌਲ ਨਾਲ ਡਰਾ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਸਚਿਨ ਚਾਹ ਦੀ ਦੁਕਾਨ ਕਰਦਾ ਹੈ ਤੇ ਉਸ ਨੂੰ ਪੈਸਿਆਂ ਦੀ ਲੋੜ ਸੀ, ਜਿਸ ਕਰਕੇ ਉਨ੍ਹਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਕੇਸ ਦਰਜ ਹਨ।