ਕੁਲਵਿੰਦਰ ਕੌਰ
ਫਰੀਦਾਬਾਦ, 28 ਅਪਰੈਲ
ਸ਼ਹਿਰ ਦੇ ਤਿੰਨ ਇਲਾਕਿਆਂ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੌਕਡਾਊਨ ਲਾਉਣ ਮਗਰੋਂ ਇਨ੍ਹਾਂ ਖੇਤਰਾਂ ਵਿੱਚ ਸੁੰਨ ਪਸਰੀ ਪਈ ਹੈ। ਦੁਕਾਨਦਾਰਾਂ ਵੱਲੋਂ ਸ਼ਟਰ ਬੰਦ ਕੀਤੇ ਹੋਏ ਹਨ। ਪ੍ਰਸ਼ਾਸਨ ਨੇ ਈਐਸਆਈਸੀ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਲਈ ਸਹੂਲਤਾਂ ਕਾਇਮ ਕਰ ਦਿੱਤੀਆਂ ਸਨ ਤੇ ਸਰਕਾਰੀ ਬਾਦਸ਼ਾਹ ਖ਼ਾਨ ਹਸਪਤਾਲ ਵਿਚ ਵੀ ਕੋਵਿਡ ਜਾਂਚ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਇਸ ਹਪਸਤਾਲ ਵਿੱਚ 63 ਆਕਸੀਜਨ ਬਿਸਤਰੇ ਕਾਇਮ ਕੀਤੇ ਗਏ ਹਨ। ਤਿੰਨਾਂ ਲੌਕਡਾਊਨ ਜ਼ੋਨਾਂ ਐਨਆਈਟੀ, ਐਸਜੀਐਮ ਨਗਰ ਤੇ ਸੈਕਟਰਾਂ ਦੇ ਇਲਾਕੇ ਵਿੱਚ 3 ਜ਼ੋਨ ਬਣਾਏ ਗਏ ਹਨ। ਪੁਲੀਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਕੋਲ ਸਾਧਨਾਂ ਦੀ ਘਾਟ ਨੂੰ ਦੇਖਦੇ ਹੋਏ ਨਹਿਰ ਪਾਰ ਦੇ ਗ੍ਰੈਟਰ ਫਰੀਦਾਬਾਦ ਇਲਾਕੇ ਦੀਆਂ ਸੁਸਾਇਟੀਆਂ ਨੇ ਖ਼ੁਦ ਤੋਂ ਹੀ ਇਕਾਂਤਵਾਸ ਕੇਂਦਰ ਸੁਸਾਇਟੀਆਂ ਦੇ ਅੰਦਰ ਹੀ ਕਾਇਮ ਕਰ ਲਏ ਹਨ। ਸੈਕਟਰ-77 ਵਿਚ ਅਜਿਹਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-30 ਵਿੱਚ ਪੁਲੀਸ ਵਾਲਿਆਂ ਲਈ ਵੀ ਇਕਾਂਤਵਾਸ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੇ ਡਾਕਟਰ ਲਗਾਤਾਰ ਭਰਤੀ ਜਵਾਨਾਂ ਦੀ ਨਿਗਰਾਨੀ ਰੱਖਣਗੇ। ਇੱਥੇ 30 ਬਿਸਤਰੇ ਰਾਖਵੇਂ ਕੀਤੇ ਗਏ ਹਨ। ਸ਼ਹਿਰ ਅੰਦਰ ਆਕਸੀਜਨ ਦੀ ਘਾਟ ਪਾਈ ਜਾ ਰਹੀ ਹੈ ਤੇ ਲੋਕ ਖਾਲੀ ਸਿਲੰਡਰ ਲੈ ਕੇ ਦਰ-ਦਰ ਭਟਕ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਲੌਕਡਾਊਨ 2 ਜੂਨ ਤੱਕ ਚੱਲੇਗਾ।