ਚੰਡੀਗੜ੍ਹ (ਟਨਸ): ਹਰਿਆਣਾ ਸਰਕਾਰ ਨੇ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਸੂਬੇ ਵਿੱਚ ਲੌਕਡਾਊਨ 7 ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਸੂਬੇ ਵਿੱਚ 31 ਮਈ ਸਵੇਰੇ 5 ਵਜੇ ਤੋਂ 7 ਜੂਨ ਸਵੇਰੇ 5 ਵਜੇ ਤੱਕ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਲੌਕਡਾਊਨ) ਤਹਿਤ ਪਾਬੰਦੀਆਂ ਜਾਰੀ ਰਹਿਣਗੀਆਂ। ਦੁਕਾਨਾਂ ਔਡ-ਈਵਨ ਫਾਰਮੂਲੇ ਤਹਿਤ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਪਹਿਲਾਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਦੀਆਂ ਸਨ। ਰਾਤ 10 ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਪਹਿਲਾਂ ਵਾਂਗ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜੇ ਸਿੱਖਿਆ ਅਦਾਰੇ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਸਕੂਲ, ਕਾਲਜ, ਆਈਟੀਆਈ, ਪੋਲੀਟੈਕਨਿਕ ਅਤੇ ਇੰਜਨੀਅਰਿੰਗ ਕਾਲਜ 15 ਜੂਨ ਤੱਕ ਬੰਦ ਰਹਿਣਗੇ। ਸੂਬੇ ਵਿੱਚ ਆਂਗਨਵਾੜੀ ਕੇਂਦਰ ਅਤੇ ਕ੍ਰੈੱਚ 30 ਜੂਨ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਾਪਿੰਗ ਮਾਲ ਨੂੰ ਸੀਮਤ ਗਾਹਕਾਂ ਦੀ ਗਿਣਤੀ ਅਤੇ ਤੈਅ ਸਮੇਂ ਸੀਮਾ ਦੀ ਪਾਲਣਾ ਕਰਦੇ ਹੋਏ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ਼ਾਪਿੰਗ ਮਾਲ ਵਿੱਚ 25 ਵਰਗ ਮੀਟਰ ਖੇਤਰ ਵਿੱਚ ਇਕ ਵਿਅਕਤੀ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਕਿ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ 50 ਫ਼ੀਸਦ ਸਟਾਫ਼ ਦੀ ਹਾਜ਼ਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰੀ ਦਫ਼ਤਰਾਂ ਦੇ ਮੁਖੀਆਂ ਵੱਲੋਂ ਰੋਸਟਰ ਜਾਰੀ ਕਰਕੇ ਬਦਲਵੇਂ ਸਟਾਫ਼ ਨੂੰ ਸੱਦਿਆ ਜਾਵੇਗਾ।