ਅੰਬਾਲਾ: ਡੀਆਰਐੱਮ ਅੰਬਾਲਾ ਨੂੰ ਲਸ਼ਕਰ-ਏ-ਤੋਇਬਾ ਦੇ ਨਾਂ ਹੇਠ ਮਿਲੇ ਪੱਤਰ ਵਿੱਚ 26 ਨਵੰਬਰ ਅਤੇ 6 ਦਸੰਬਰ ਨੂੰ ਬੰਬ ਨਾਲ ਰੇਲਵੇ ਸਟੇਸ਼ਨ ਅਤੇ ਹੋਰ ਸਥਾਨ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਮੇਤ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਰਿਵਾੜੀ, ਹਿਸਾਰ ਅਤੇ ਸਿਰਸਾ ਵਿੱਚ ਰੇਲਵੇ ਪੁਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿੱਚ 6 ਦਸੰਬਰ ਨੂੰ ਅੰਬਾਲਾ ਦੇ ਪ੍ਰਮੁੱਖ ਮੰਦਰਾਂ, ਗੁਰਦੁਆਰਿਆਂ, ਹਿਮਾਚਲ ਦੇ ਕਈ ਮੰਦਰਾਂ, ਫ਼ੌਜੀ ਮੰਦਰਾਂ ਅਤੇ ਗੁਰਦੁਆਰਿਆਂ ਤੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। ਇਸ ਮਗਰੋਂ ਰੇਲਵੇ ਸੁਰੱਖਿਆ ਬਲ ਦੇ ਯਾਤਰੀ ਸੁਰੱਖਿਆ ਇੰਸਪੈਕਟਰ ਸ਼ਾਮ ਸੁੰਦਰ ਨੇ ਥਾਣਾ ਪੜਾਓ ’ਚ ਅਤਿਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ (ਜੰਮੂ-ਕਸ਼ਮੀਰ) ਦੇ ਉਮੀਮ ਸ਼ੇਖ਼ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ