ਪੀ.ਪੀ. ਵਰਮਾ
ਪੰਚਕੂਲਾ, 16 ਫਰਵਰੀ
ਪੰਚਕੂਲਾ ਦੇ ਸੈਕਟਰ-5 ਦੇ ਹੁੱਡਾ ਮੈਦਾਨ ਵਿੱਚ ਬੀਤੇ ਚਾਲੀ ਦਿਨਾਂ ਤੋਂ ਬੈਠੇ ਹਰਿਆਣਾ ਐਕਸਟੈਨਸ਼ਨ ਲੈਕਚਰਾਰਾਂ ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਗਿਆ ਅਤੇ ਸਾਰੇ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਅਰਥੀ ਚੁੱਕ ਕੇ ਜਲੂਸ ਕੱਢਿਆ ਗਿਆ। ਇਨ੍ਹਾਂ ਦੋ ਹਜ਼ਾਰ ਐਕਸਟੈਨਸ਼ਨ ਲੈਕਚਰਾਰਾਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਪੁਲੀਸ ਨੇ ਦੇਰ ਸ਼ਾਮ ਚਾਰ ਸੌ ਤੋਂ ਵੱਧ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਸਥਿਤ ਹਰਿਆਣਾ ਦੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨਾ ਸੀ ਪਰ ਹਾਊਸਿੰਗ ਬੋਰਡ ਚੌਕ ’ਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਪ੍ਰਦਰਸਨਕਾਰੀ ਐਕਸਟੈਨਸ਼ਨ ਲੈਕਚਰਾਰਾਂ ਦਾ ਸਾਥ ਦੇਣ ਲਈ ਅੱਜ ਆਮ ਆਦਮੀ ਪਾਰਟੀ ਦੇ ਆਗੂ ਨਵੀਨ ਜੈਹਿੰਦ ਵੀ ਵੱਡੀ ਗਿਣਤੀ ਸਮਰਥਕਾਂ ਸਣੇ ਪਹੁੰਚੇ ਹੋਏ ਸਨ। ਇਸ ਦੌਰਾਨ ਸ੍ਰੀ ਜੈਹਿੰਦ ਨੇ ਕਿਹਾ ਕਿ ਹਰਿਆਣਾ ਸਰਕਾਰ, ਖ਼ਾਸ ਕਰ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ ਕਿ ਐਨੀ ਠੰਢ ਵਿੱਚ ਐਕਸਟੈਨਸ਼ਨ ਲੈਕਚਰਾਰ ਪੰਚਕੂਲਾ ਦੇ ਖੁੱਲ੍ਹੇ ਮੈਦਾਨ ਵਿੱਚ ਬੈਠੇ ਹਨ। ਪੁਲੀਸ ਵੱਲੋਂ ਹਾਊਸਿੰਗ ਬੋਰਡ ਚੌਕ ’ਤੇ ਰੋਕੇ ਜਾਣ ਕਾਰਨ ਐਕਸਟੈਨਸ਼ਨ ਲੈਕਚਰਾਰਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।