ਪੱਤਰ ਪ੍ਰੇਰਕ
ਯਮੁਨਾਨਗਰ, 5 ਦਸੰਬਰ
ਇਥੇ ਗੁਰੂ ਨਾਨਕ ਖਾਲਸਾ ਕਾਲਜ ਦੇ ਸਥਾਪਨਾ ਦਿਵਸ ਮੌਕੇ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਬਾਣੀ ਅਤੇ ਭਾਰਤੀ ਸੱਭਿਆਚਾਰ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਵੱਜੋਂ ਵਿਚਾਰ ਪੇਸ਼ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਰੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਗੂਰੂ ਨਾਨਕ ਬਾਣੀ ਸਮਕਾਲ ਵਿੱਚ ਵੀ ਉੱਨੀ ਹੀ ਪ੍ਰਾਸੰਗਿਕ ਹੈ ਜਿੱਨੀ ਕਿ ਉਨ੍ਹਾਂ ਦੇ ਕਾਲ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਸਾਨੂੰ ਸਰਬ ਸ਼ਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ਜਿਨ੍ਹਾਂ ’ਤੇ ਵਿਵਾਰਕ ਰੂਪ ’ਤੇ ਚਲ ਕੇ ਕੋਈ ਵੀ ਵਿਅਕਤੀ ਚੰਗਾ ਮਨੁੱਖ ਬਣ ਕੇ ਮਾਨਵਤਾ ਅਤੇ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ। ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਐੱਨਪੀ ਸਿੰਘ ਨੇ ਮੁੱਖ ਮਹਿਮਾਨ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਂਦਿਆਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ’ਤੇ ਵਿਦੇਸ਼ਾਂ ਵਿੱਚ ਲਗਾਤਾਰ ਰਿਸਰਚ ਹੋ ਰਹੀ ਹੈ। ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਰਦੂ ਅਤੇ ਫਾਰਸੀ ਦੇ ਵਿਦਵਾਨਾਂ ਤੋਂ ਇਲਾਵਾ ਹੋਰ ਵਿਦੇਸ਼ੀ ਵਿਦਵਾਨਾਂ ਵੱਲੋਂ ਗੁਰੂ ਨਾਨਕ ਬਾਣੀ ਤੇ ਲਿਖੇ ਵਿਚਾਰਾਂ ਨੂੰ ਆਧਾਰ ਬਣਾ ਕੇ ਆਪਣੀ ਕਲਮ ਰਾਹੀਂ ਆਪੋ-ਅਪਣੇ ਵਿਚਾਰ ਪੇਸ਼ ਕਰਨ ਦਾ ਯਤਨ ਕਰੀਏ। ਕਾਲਜ ਪ੍ਰਿੰਸੀਪਲ ਡਾ. ਮੇਜਰ ਹਰਿੰਦਰ ਸਿੰਘ ਕੰਗ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਨੂੰ ਧਰੋਹਰ ਦੇ ਰੂਪ ਵਿੱਚ ਸਾਂਭ ਕੇ ਰਖਣ ਦਾ ਸੱਦਾ ਦਿੱਤਾ। ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਤਿਲਕਰਾਜ ਨੇ ਮੰਚ ਦਾ ਸੰਚਾਲਨ ਕਰਦਿਆਂ ਗੁਰੂ ਨਾਨਕ ਬਾਣੀ ਨੂੰ ਅਜੋਕੇ ਸਮੇਂ ਅਤੇ ਸੱਥਿਤੀਆਂ ਤੋਂ ਪਾਰ ਪਾਊਣ ਲਈ ਪ੍ਰਾਸੰਗਿਕ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੀ ਬਾਣੀ ਨੂੰ ਅਮਲੀ ਤੌਰ ’ਤੇ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਪ੍ਰੋਫੈਸਰ ਸੁਨੀਲ ਕੁਮਾਰ ਨਾਗਰਾ ਨੇ ਸੈਮੀਨਾਰ ਦੀ ਸਮਾਪਤੀ ’ਤੇ ਮੁੱਖ ਮਹਿਮਾਨ ਦਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ।