ਪ੍ਰਭੂ ਦਿਆਲ
ਸਿਰਸਾ, 21 ਦਸੰਬਰ
ਇਥੋਂ ਦੀ ਇਕ ਅਦਾਲਤ ਵਿੱਚ ਕੇਸ ਦੇ ਮਾਮਲੇ ਵਿੱਚ ਪੇਸ਼ ਹੋਏ ਵਕੀਲ ਨਾਲ ਇਕ ਮਹਿਲਾ ਏਐੱਸਆਈ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ ਕੀਤੇ ਜਾਣ ਤੋਂ ਰੋਹ ਵਿੱਚ ਆਏ ਵਕੀਲਾਂ ਨੇ ਅਦਾਲਤਾਂ ਦਾ ਬਾਈਕਾਟ ਕਰ ਕੇ ਨੋ ਵਰਕ ਡੇਅ ਐਲਾਨ ਦਿੱਤਾ। ਵਕੀਲ ਕਿਸੇ ਵੀ ਕੇਸ ਵਿੱਚ ਅੱਜ ਕੋਰਟ ਵਿੱਚ ਪੇਸ਼ ਨਹੀਂ ਹੋਏ ਜਿਸ ਕਰਕੇ ਕਈ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਕਿਸੇ ਕੇਸ ਦੇ ਮਾਮਲੇ ਵਿੱਚ ਆਪਣੇ ਕਲਾਇੰਟ ਦੀ ਵਕਾਲਤ ਕਰਨ ਲਈ ਵਕੀਲ ਠਾਕੁਰ ਜਾਂਗੜਾ ਅਦਾਲਤ ਵਿੱਚ ਪੇਸ਼ ਹੋਏ ਤਾਂ ਕਿਸੇ ਗੱਲ ਨੂੰ ਲੈ ਕੇ ਅਦਾਲਤ ਵਿੱਚ ਮੌਜੂਦ ਮਹਿਲਾ ਏਐੱਸਆਈ ਗੁਰਮੀਤ ਨਾਲ ਉਨ੍ਹਾਂ ਦਾ ਬੋਲਬਾਲਾ ਹੋ ਗਿਆ ਜਿਸ ਮਗਰੋਂ ਕਥਿਤ ਤੌਰ ’ਤੇ ਮਹਿਲਾ ਏਐੱਸਆਈ ਨੇ ਵਕੀਲ ਦਾ ਕਾਲਰ ਫੜ ਲਿਆ।
ਵਕੀਲ ਨੇ ਇਹ ਗੱਲ ਆਪਣੇ ਦੂਜੇ ਸਾਥੀ ਵਕੀਲਾਂ ਨੂੰ ਦੱਸੀ ਜਿਸ ਮਗਰੋਂ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਤੇ ਮੀਟਿੰਗ ਵਿੱਚ ਮਹਿਲਾ ਪੁਲੀਸ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਦਾਲਤਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ।
ਉਧਰ ਏਐੱਸਆਈ ਗੁਰਮੀਤ ਨੇ ਆਪਣੇ ਉਪਰ ਲੱਗ ਦੇਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਫਿਲਹਾਲ ਵਕੀਲ ਅਦਾਲਤਾਂ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਕਈ ਕੇਸ ਸੁਣਵਾਈ ਤੋਂ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਕਿਹਾ ਕਿ ਜਦੋਂ ਤੱਕ ਏਐਸਆਈ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਇਹ ਬਾਈਕਾਟ ਜਾਰੀ ਰਹੇਗਾ।