ਪ੍ਰਭੂ ਦਿਆਲ
ਸਿਰਸਾ, 29 ਅਪਰੈਲ
ਡੇਰਾ ਸਿਰਸਾ ਦੇ ਸਥਾਪਨਾ ਦਿਵਸ ਮੌਕੇ ਅੱਜ ਡੇਰੇ ’ਚ ਵੱਡਾ ਇਕੱਠ ਹੋਇਆ। ਇਸ ਦੌਰਾਨ ਡੇਰਾ ਮੁਖੀ ਵੱਲੋਂ ਭੇਜੀ ਚਿੱਠੀ ਪ੍ਰੇਮੀਆਂ ਨੂੰ ਪੜ੍ਹ ਕੇ ਸੁਣਾਈ ਗਈ, ਜਿਸ ਵਿੱਚ ਖੁਦ ਡੇਰਾ ਮੁਖੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਤੇ ਡੇਰੇ ਵੱਲੋਂ ਸ਼ੁਰੂ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ। ਡੇਰੇ ਦੀ ਸਥਾਪਨਾ ਸ਼ਾਹ ਮਸਤਾਨਾ ਵੱਲੋਂ 1948 ’ਚ ਕੀਤੀ ਗਈ ਸੀ। ਹਨੀਪ੍ਰੀਤ ਦੇ ਡੇਰਾ ਮੁਖੀ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ’ਤੇ ਫੁੱਲ ਸਟਾਪ ਲੱਗ ਗਿਆ। ਡੇਰਾ ਮੁਖੀ ਵੱਲੋਂ ਲਿਖੀ ਗਈ ਚਿੱਠੀ ’ਚ ਡੇਰਾ ਮੁਖੀ ਖੁਦ ਹੀ ਬਣੇ ਰਹਿਣ ਦਾ ਜ਼ਿਕਰ ਕੀਤਾ ਗਿਆ ਹੈ। ਡੇਰਾ ਸਿਰਸਾ ਦੇ ਸਥਾਪਨਾ ਦਿਵਸ ਮੌਕੇ ’ਤੇ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਤੋਂ ਵੱਡੀ ਗਿਣਤੀ ’ਚ ਪ੍ਰੇਮੀ ਡੇਰਾ ਪੁੱਜੇ। ਇਸ ਦੌਰਾਨ ਡੇਰਾ ਮੁਖੀ ਵੱਲੋਂ ਸੁਨਾਰੀਆ ਜੇਲ੍ਹ ’ਚੋਂ ਆਈ ਚਿੱਠੀ ਨੂੰ ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ। ਚਿੱਠੀ ਵਿੱਚ ਖੁਦ ਡੇਰਾ ਮੁਖੀ ਬਣੇ ਰਹਿਣ ਦਾ ਜਿਥੇ ਜ਼ਿਕਰ ਹੈ ਉਥੇ ਹੀ ਡੇਰੇ ਵੱਲੋਂ ਲੋਕ ਭਲਾਈ ਦੇ ਸ਼ੁਰੂ ਕੀਤੇ ਗਏ 139 ਕਾਰਜਾਂ ਨੂੰ ਜਾਰੀ ਰੱਖਣ ਦੀ ਗੱਲ ਕਹੀ ਗਈ। ਇਸ ਦੌਰਾਨ ਕਈ ਲੋੜਵੰਦਾਂ ਨੂੰ ਵਸਤਾਂ ਦਿੱਤੀਆਂ ਗਈਆਂ ਤੇ 29 ਆਦੀਵਾਸੀ ਜੋੜਿਆਂ ਦੇ ਵਿਆਹ ਵੀ ਕਰਵਾਏ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰਤੀ ਨੂੰ ਡੇਰਾ ਮੁਖੀ ਬਣਾਏ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਸੀ, ਜਿਸ ’ਤੇ ਡੇਰਾ ਮੁਖੀ ਵੱਲੋਂ ਆਈ ਅੱਜ ਦੀ ਚਿੱਠੀ ਮਗਰੋਂ ਸਥਿਤੀ ਸਪਸ਼ਟ ਹੋ ਗਈ ਹੈ। ਡੇਰੇ ਦੀ ਸਥਾਪਨਾ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਡੇਰਾ ਪ੍ਰੇਮੀਆਂ ਕਾਰਨ ਕਈ ਸੜਕਾਂ ’ਤੇ ਲੰਮੇ ਲੰਮੇ ਜਾਮ ਲੱਗੇ ਰਹੇ। ਟਰੈਫਿਕ ਨੂੰ ਕੰਟਰੋਲ ਕਰਨ ਲਈ ਡੇਰਾ ਪ੍ਰੇਮੀਆਂ ਨੇ ਖੁਦ ਕਮਾਨ ਸੰਭਾਲੀ। ਇਸ ਦੌਰਾਨ ਕਈ ਥਾਵਾਂ ’ਤੇ ਡੇਰਾ ਪ੍ਰਬੰਧਕਾਂ ਵੱਲੋਂ ਪਾਣੀ ਆਦਿ ਦੀ ਵਿਵਸਥਾ ਕੀਤੀ ਗਈ।
ਜਿਕਰਯੋਗ ਹੈ ਕਿ ਸਾਧਵਾ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ’ਚ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਮੁੜ ਤੋਂ ਡੇਰੇ ਵਿੱਚ ਵੱਡੇ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰ ਵੱਡੇ ਇਕੱਠ ਦੌਰਾਨ ਡੇਰਾ ਮੁਖੀ ਵੱਲੋਂ ਸੰਗਤ ਦੇ ਨਾਂ ਚਿੱਠੀ ਲਿਖੀ ਜਾਂਦੀ ਹੈ, ਜੋ ਪ੍ਰਬੰਧਕਾਂ ਵੱਲੋਂ ਪੜ੍ਹ ਕੇ ਸੁਣਾਈ ਜਾਂਦੀ ਹੈ।