ਪੱਤਰ ਪ੍ਰੇਰਕ
ਫਰੀਦਾਬਾਦ, 7 ਮਾਰਚ
ਇੱਥੋਂ ਦੇ ਐੱਨਆਈਟੀ ਫਰੀਦਾਬਾਦ ਇਲਾਕੇ ਦੇ ਸੰਤਰ ਨਗਰ ਵਿੱਚ ਨਿਰਮਾਣ ਅਧੀਨ ਇਮਾਰਤ ਦਾ ਲੈਂਟਰ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜੱਦੋਂ ਕਿ 2 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਜਾਰੀ ਸੀ। ਜ਼ਖ਼ਮੀ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਸੀ। ਘਟਨਾ ਦਾ ਪਤਾ ਲੱਗਦੇ ਹੀ ਸੈਕਟਰ-16 ਦੀ ਪੁਲੀਸ ਮੌਕੇ ਉਪਰ ਪੁੱਜੀ ਤੇ ਮਲਬੇ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਆਪਣੀ ਪੱਧਰ ’ਤੇ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਮਜ਼ਦੂਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮ੍ਰਿਤਕ ਮਜ਼ਦੂਰ ਦੀ ਪਛਾਣ ਮਨੋਜ ਵਜੋਂ ਹੋਈ ਹੈ ਤੇ ਉਹ ਐੱਨਆਈਟੀ ਇਲਾਕੇ ਵਿੱਚ ਰਹਿੰਦਾ ਸੀ। ਜ਼ਖ਼ਮੀਆਂ ਨੂੰ ਬਾਅਦ ਵਿੱਚ ਨਿਜੀ ਹਸਪਤਾਲ ਵਿੱਚ ਪੁੱਜਦਾ ਕੀਤਾ ਗਿਆ। ਪੁਲੀਸ ਵੱਲੋਂ ਠੇਕੇਦਾਰ ਤੇ ਮਕਾਨ ਮਾਲਕ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ।