ਪੱਤਰ ਪ੍ਰੇਰਕ
ਯਮੁਨਾਨਗਰ, 19 ਮਈ
ਇਥੋਂ ਦੇ ਸਰਸਵਤੀ ਨਗਰ ਥਾਣਾ ਖੇਤਰ ਦੇ ਪਿੰਡ ਕਲ੍ਹਾਪੁਰ ਵਿੱਚ ਅੱਜ ਸ਼ਾਮ ਦੋ ਭਰਾਵਾਂ ਵਿੱਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿੱਚ ਮੁਲਜ਼ਮ ਨੂੰ ਕਾਬੂ ਕਰਨ ਗਏ ਪੁਲੀਸ ਦੇ ਦੋ ਅਧਿਕਾਰੀ ਗੋਲੀਆਂ ਲੱਗਣ ਕਰਕੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਦੋ ਭਰਾਵਾਂ ਪਰਵਿੰਦਰ ਅਤੇ ਹਰਜਿੰਦਰ ਵਿਚਾਲੇ ਝਗੜਾ ਹੋਇਆ ਜਿਸ ਵਿਚ ਪਰਵਿੰਦਰ ਨੇ ਆਪਣੇ ਭਰਾ ਹਰਜਿੰਦਰ ’ਤੇ ਗੋਲੀਆਂ ਚਲਾ ਦਿੱਤੀਆਂ। ਹਰਜਿੰਦਰ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲੀਸ ਦੀ ਇੱਕ ਟੁਕੜੀ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਨਜ਼ਦੀਕ ਆਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਵੇਂ ਹੀ ਪੁਲੀਸ ਅਧਿਕਾਰੀਆਂ ਨੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਦੋ ਗੋਲੀਆਂ ਥਾਣਾ ਛੱਪਰ ਦੇ ਐਸਐਚਓ ਜਗਦੀਸ਼ ਚੰਦਰ ਨੂੰ ਅਤੇ ਇੱਕ ਗੋਲੀ ਪੰਜ ਤੀਰਥੀ ਚੌਕੀ ਇੰਚਾਰਜ ਰਾਮਕੁਮਾਰ ਨੂੰ ਲੱਗੀ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੌਰਾਨ ਬਾਕੀ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੋਵਾਂ ਜ਼ਖਮੀਆਂ ਅਤੇ ਹਰਜਿੰਦਰ ਨੂੰ ਤੁਰੰਤ ਯਮੁਨਾਨਗਰ ਦੇ ਗਾਬਾ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ ਕਮਲਦੀਪ ਗੋਇਲ ਮੌਕੇ ’ਤੇ ਪਹੁੰਚੇ। ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰ ਨੂੰ ਤੁਰੰਤ ਇਲਾਜ ਦੇ ਨਿਰਦੇਸ਼ ਦਿੱਤੇ। ਪੁਲੀਸ ਸੁਪਰਡੈਂਟ ਨੇ ਕਿਹਾ ਕਿ ਮੁਲਜ਼ਮ ਨੇ ਗੋਲੀਆਂ ਚਲਾ ਕੇ ਕਈ ਹੋਰ ਲੋਕਾਂ ਨੂੰ ਜ਼ਖਮੀ ਕਰ ਦੇਣਾ ਸੀ ਪਰ ਪੁਲੀਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦਿਆਂ ਤੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ ਕਾਬੂ ਕਰ ਲਿਆ।