ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਕੁੱਟਮਾਰ ਮਗਰੋਂ ਕਤਲ ਕਰਨ ਦੇ ਦੋਸ਼ ਹੇਠ ਜੈ ਭਗਵਾਨ ਪੁੱਤਰ ਬੂਟਾ ਸਿੰਘ ਵਾਸੀ ਮਦੂਦਾਂ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਦੇ ਵਧੀਕ ਕਪਤਾਨ ਕਰਨ ਗੋਇਲ ਨੇ ਦੱਸਿਆ ਕਿ ਰੀਨਾ ਰਾਣੀ ਪਤਨੀ ਜਗਦੀਸ਼ ਚੰਦ ਵਾਸੀ ਪਿੰਡ ਮਦੂਦਾਂ ਹਾਲ ਪਿੰਡ ਰਤਨਹੇੜੀ ਜ਼ਿਲ੍ਹਾ ਅੰਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਪਿੰਡ ਬਬਿਆਲ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਬੀਤੀ 23 ਅਕਤੂਬਰ ਨੂੰ ਉਹ ਤੇ ਉਸ ਦਾ ਪਤੀ ਜਗਦੀਸ਼ ਚੰਦ ਪੁੱਤਰ ਪ੍ਰੇਮ ਚੰਦ ਅਤੇ ਉਸ ਦੇ ਦੋ ਭਤੀਜੇ ਗੁਰਵਿੰਦਰ ਤੇ ਅਜੈ ਕੁਮਾਰ ਵਾਸੀ ਬਬਿਆਲ ਸਾਰੇ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਪਿੰਡ ਮਦੂਦਾਂ ਖੇਤ ਵਿਚ ਪੀਰ ’ਤੇ ਮੱਥਾ ਟੇਕਣ ਆਏ ਸਨ। ਉਸ ਦੇ ਪਤੀ ਦਾ ਬੂਟਾ ਰਾਮ ਤੇ ਉਸ ਦੇ ਲੜਕੇ ਜੈ ਭਗਵਾਨ, ਅੰਗਰੇਜ ਸਿੰਘ ਵਾਸੀ ਮਦੂਦਾਂ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਦੌਰਾਨ ਜਦੋਂ ਉਹ ਮੱਥਾ ਟੇਕ ਕੇ ਵਾਪਸ ਆਪਣੇ ਟਿਊਬਵੈੱਲ ’ਤੇ ਆਏ ਤਾਂ ਜੈ ਭਗਵਾਨ, ਅੰਗਰੇਜ਼ ਸਿੰਘ ਪੁੱਤਰ ਬੂਟਾ ਸਿੰਘ ਵੀ ਆਪਣੇ ਮੋਟਰਸਾਈਕਲ ’ਤੇ ਆ ਗਏ ਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜੈ ਭਗਵਾਨ ਨੇ ਚਾਕੂ ਨਾਲ ਉਸ ਦੇ ਪਤੀ ਜਗਦੀਸ਼ ਤੇ ਗੁਰਵਿਦਰ ਸਿੰਘ ’ਤੇ ਵਾਰ ਕੀਤੇ ਅੰਗਰੇਜ਼ ਸਿੰਘ ਨੇ ਉਸ ਦੇ ਭਤੀਜੇ ਅਜੈ ਕੁਮਾਰ ’ਤੇ ਗੰਡਾਸੀ ਨਾਲ ਸੱਟਾਂ ਮਾਰੀਆਂ। ਇੱਥੇ ਰੌਲਾ ਪੈਣ ਤੋਂ ਬਾਅਦ ਸਾਰੇ ਜਣੇ ਫਰਾਰ ਹੋ ਗਏ। ਪਿੰਡ ਵਾਸੀਆਂ ਨੇ ਜਗਦੀਸ਼ ਤੇ ਗੁਰਵਿੰਦਰ ਨੂੰ ਆਦੇਸ਼ ਹਸਪਤਾਲ ਮੋਹੜੀ ਅਤੇ ਅਜੈ ਕੁਮਾਰ ਨੂੰ ਅੰਬਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਸ ਦੇ ਪਤੀ ਨੂੰ ਸੱਟਾਂ ਜ਼ਿਆਦਾ ਲੱਗਣ ਕਾਰਨ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਰਾਹ ਵਿਚ ਉਸ ਦੀ ਮੌਤ ਹੋ ਗਈ ਸੀ। ਇਸ ਮਗਰੋਂ ਸ਼ਾਹਬਾਦ ਪੁਲੀਸ ਥਾਣੇ ਦੇ ਇੰਚਾਰਜ ਦੇਵਿੰਦਰ ਕੁਮਾਰ ਦੀ ਟੀਮ ਨੇ ਮਾਮਲੇ ਵਿੱਚ ਕਰਵਾਈ ਕਰਦਿਆਂ ਮੁਲਜ਼ਮ ਜੈ ਭਗਵਾਨ ਵਾਸੀ ਮਦੂਦਾਂ ਨੂੰ ਕਾਬੂ ਕਰ ਲਿਆ ਹੈ।