ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਅਗਸਤ
ਹਰਿਆਲੀ ਤੀਜ ਦੇ ਮੌਕੇ ’ਤੇ ਪੰਜੋਖਰਾ ਸਾਹਿਬ ਦੇ ਖ਼ਾਲਸਾ ਕਾਲਜ ਦੇ ਮੈਦਾਨ ਵਿਚ ਸਾਲਾਨਾ ਇਤਿਹਾਸਕ ਕੁਸ਼ਤੀ ਮੇਲਾ ਕਰਵਾਇਆ ਗਿਆ। ਕੱਲ੍ਹ ਦੁਪਹਿਰ ਤੋਂ ਸ਼ਾਮ ਤੱਕ ਡੇਢ ਸੌ ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਮੇਲੇ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਤਿੰਨ ਲੱਖ ਰੁਪਏ ਦੀ ਝੰਡੀ ਵਾਲੀ ਮੁੱਖ ਕੁਸ਼ਤੀ ਰਹੀ। 30 ਮਿੰਟ ਚੱਲੀ ਇਸ ਕੁਸ਼ਤੀ ਵਿਚ ਮਹਾਰਾਸ਼ਟਰ ਦਾ ਸਿਕੰਦਰ ਸ਼ੇਖ਼ ਅਤੇ ਅੰਮ੍ਰਿਤਸਰ ਦਾ ਪ੍ਰਿੰਸ ਬਰਾਬਰ ਰਹਿਣ ਕਰਕੇ ਪ੍ਰਬੰਧਕਾਂ ਵੱਲੋਂ ਦੋਹਾਂ ਨੂੰ ਡੇਢ-ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। 51 ਹਜ਼ਾਰ ਰੁਪਏ ਦੀ ਝੰਡੀ ਵਾਲੀ ਕੁਸ਼ਤੀ ਜ਼ੀਰਕਪੁਰ ਦੇ ਸੁਨੀਲ ਅਤੇ ਪੰਜਾਬ ਦੇ ਰਵੀ ਰੌਣੀ ਵਿਚਕਾਰ ਹੋਈ। ਇਸ ਵਿਚ ਰਵੀ ਰੌਣੀ ਜੇਤੂ ਰਿਹਾ। ਮੇਲਾ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਲੀ ਤੀਜ ਦੇ ਸਬੰਧ ਵਿਚ ਇਹ ਕੁਸ਼ਤੀ ਮੇਲਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਸਰਪੰਚ ਅਮਰਜੀਤ ਸਿੰਘ, ਬਲਕਾਰ ਸਿੰਘ ਲੱਡੂ, ਜਸਵਿੰਦਰ ਸਿੰਘ ਗੋਰਖਾ, ਗਿਆਨ ਪੰਡਿਤ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ, ਕੈਪਟਨ ਹਰਭਜਨ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਗੁਰਵਿੰਦਰ ਸਿੰਘ ਨੇ 51 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ।