ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਸਤੰਬਰ
ਅੰਬਾਲਾ-ਜਗਾਧਰੀ ਰੋਡ ’ਤੇ ਸਥਿਤ ਲੱਕੀ ਫਾਰਮ ਵਿੱਚ ਅੱਜ ਕਿੰਨਰ ਮਹਾ ਸੰਮੇਲਨ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿੰਨਰ ਅੰਬਾਲਾ ਕੈਂਟ ਪਹੁੰਚ ਰਹੇ ਹਨ। ਮੰਗਲਮੁਖੀ ਭਾਈਚਾਰੇ ਦੀ ਕਾਜਲ ਮੰਗਲਮੁਖੀ ਨੇ ਦੱਸਿਆ ਕਿ ਇਹ ਮਹਾ ਸੰਮੇਲਨ ਮਹੰਤ ਪਾਰੋ ਸ਼ਰਮਾ ਦੀ ਅਗਵਾਈ ਹੇਠ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 14 ਸਤੰਬਰ ਤੱਕ ਚੱਲਣ ਵਾਲੇ ਇਸ ਮਹਾ ਸੰਮੇਲਨ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਹੈਦਰਾਬਾਦ, ਮੁੰਬਈ, ਲਖਨਊ, ਮੇਰਠ, ਸੋਲਨ, ਕਾਲਕਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਬੰਗਲਾਦੇਸ਼ ’ਚੋਂ ਪੰਜ ਸੌ ਤੋਂ ਵੱਧ ਕਿੰਨਰ ਅਤੇ ਮਹੰਤ ਅੰਬਾਲਾ ਪਹੁੰਚ ਚੁੱਕੇ ਹਨ। ਇਸ ਦੌਰਾਨ ਦੇਸ਼ ਅਤੇ ਦੁਨੀਆਂ ਵਿਚ ਅਮਨ ਅਤੇ ਬੱਚਿਆਂ ਲਈ ਦੁਆ ਕੀਤੀ ਜਾਵੇਗੀ। ਸ਼ਿਵਾਨੀ ਨੇ ਦੱਸਿਆ ਕਿ 15 ਦਿਨ ਪਹਿਲਾਂ ਮਹੰਤ ਇੰਦਰਾ ਦਾ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਮਹੰਤ ਇੰਦਰਾ ਦੀ ਸ਼ਾਂਤੀ ਲਈ ਪੂਜਾ ਪਾਠ ਕਰਨ ਦੇ ਨਾਲ ਨਾਲ ਦੇਸ਼ ਵਿਚ ਖ਼ੁਸ਼ਹਾਲੀ ਲਈ ਦੁਆ ਕੀਤੀ ਜਾਵੇਗੀ। ਇਸ ਦੌਰਾਨ ਹਵਨ ਯੱਗ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ। ਅੱਜ ਉਨ੍ਹਾਂ ਬੈਂਡ ਦੀਆਂ ਧੁਨਾਂ ’ਤੇ ਨੱਚ ਕੇ ਖੂਬ ਰੌਣਕ ਲਾਈ। ਇਸ ਦੌਰਾਨ ਸਜੇ ਬਾਜ਼ਾਰ ਵਿੱਚ ਉਨ੍ਹਾਂ ਵੱਲੋਂ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।