ਰਤਨ ਸਿੰਘ ਢਿੱਲੋਂ
ਅੰਬਾਲਾ, 12 ਅਗਸਤ
ਥਾਣਾ ਅੰਬਾਲਾ ਸਦਰ ਅਧੀਨ ਪੈਂਦੇ ਪਿੰਡ ਡਡਿਆਣਾ ਵਿੱਚ ਲੰਘੀ ਰਾਤ ਚਾਕੂ ਨਾਲ ਹਮਲਾ ਕਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਸਾਥੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਮਗਰੋਂ ਹਮਲਾਵਰ ਫ਼ਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਵਾਰਦਾਤ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਸ਼ਨਾਖ਼ਤ ਲਵਲੀ (17) ਵਜੋਂ ਹੋਈ ਹੈ ਜੋ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਪੁਲੀਸ ਨੂੰ ਦਿੱਤੇ ਬਿਆਨ ਵਿਚ ਨਵਦੀਪ ਉਰਫ਼ ਦੀਪੂ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਉਹ ਆਪਣੇ ਜੀਜੇ ਲੱਕੀ ਵਾਸੀ ਕੁਰਾਲੀ ਨਾਲ ਸੜਕ ’ਤੇ ਘੁੰਮ ਰਿਹਾ ਸੀ। ਉਨ੍ਹਾਂ ਦੇਖਿਆ ਕਿ ਕੁਝ ਦੂਰੀ ’ਤੇ ਪਿੰਡ ਦੇ ਹੀ ਬਲਰਾਮ, ਵਿਕਾਸ, ਗੁਲਸ਼ਨ, ਗੌਤਮ, ਸੋਨੂੰ, ਰਾਮ ਨਾਥ ਤੇ ਰਾਮੇਸ਼ਵਰ ਉਸ ਦੇ ਚਾਚੇ ਦੇ ਪੁੱਤਰ ਲਵਲੀ ਤੇ ਉਸ ਦੇ ਦੋਸਤ ਇਕਬਾਲ ਸਿੰਘ ਉਰਫ਼ ਹਨੀ ਨੂੰ ਚਾਕੂ ਨਾਲ ਮਾਰ ਰਹੇ ਸਨ। ਉਨ੍ਹਾਂ ਨੇ ਇਕਬਾਲ ਨੂੰ ਅਧਮੋਇਆ ਕਰਕੇ ਛੱਪੜ ਵਿਚ ਸੁੱਟ ਦਿੱਤਾ ਅਤੇ ਲਵਲੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਸੀ। ਉਨ੍ਹਾਂ ਨੇ ਦੋਹਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਲਵਲੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇਕਬਾਲ ਨੂੰ ਜੀਐੱਮਸੀਐੱਚ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਪੁਲੀਸ ਨੇ ਨਵਦੀਪ ਦੇ ਬਿਆਨ ’ਤੇ 7 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਿਤਾਵਨੀ: ਮ੍ਰਿਤਕ ਨੌਜਵਾਨ ਲਵਲੀ ਦੇ ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਹਤਿਆਰੇ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਉਹ ਲਵਲੀ ਦੀ ਦੇਹ ਦਾ ਸਸਕਾਰ ਨਹੀਂ ਕਰਨਗੇ।
ਲਾਪਤਾ ਮਹਿਲਾ ਦੀ ਨਹਿਰ ਵਿੱਚੋਂ ਲਾਸ਼ ਮਿਲੀ
ਐੱਮਸੀ ਕਲੋਨੀ ਅੰਬਾਲਾ ਸ਼ਹਿਰ ਦੀ ਤਿੰਨ ਦਿਨ ਪਹਿਲਾਂ ਸ਼ੱਕੀ ਹਾਲਾਤ ਵਿਚ ਘਰੋਂ ਲਾਪਤਾ ਹੋਈ ਆਸ਼ਾ ਰਾਣੀ (36) ਪਤਨੀ ਰਮੇਸ਼ ਕੁਮਾਰ ਉਰਫ਼ ਬਬਲੂ ਦੀ ਲਾਸ਼ ਨਰਵਾਣਾ ਬਰਾਂਚ ਜਨਸੂਈ ਹੈੱਡ ਤੋਂ ਬਰਾਮਦ ਹੋਈ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਕਰਕੇ ਉਸ ਦੀ ਪਤਨੀ ਦਾ ਪਿਛਲੇ ਇਕ ਸਾਲ ਤੋਂ ਇਲਾਜ ਚਲ ਰਿਹਾ ਸੀ। ਉਹ 9 ਅਗਸਤ ਦੀ ਸ਼ਾਮ 4 ਵਜੇ ਘਰੋਂ ਲਾਪਤਾ ਹੋਈ ਸੀ। ਪਰਿਵਾਰਕ ਮੈਂਬਰਾਂ ਨੇ ਆਸ਼ਾ ਰਾਣੀ ਦੀ ਕਾਫੀ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਸੀ ਲੱਗਾ। ਮਾਮਲੇ ਦੀ ਜਾਂਚ ਕਰ ਰਹੇ ਚੌਕੀ ਨੰਬਰ ਇਕ ਦੇ ਹੈੱਡ ਕਾਂਸਟੇਬਲ ਨੇ ਦੱਸਿਆ ਕਿ ਅੱਜ ਜਨਸੂਈ ਹੈੱਡ ਤੋਂ ਮਹਿਲਾ ਦੀ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ।