ਡੱਬਵਾਲੀ (ਪੱਤਰ ਪ੍ਰੇਰਕ): ਪਿੰਡ ਦੇਸੂਜੋਧਾ ’ਚ ਰਾਤ ਘਰ ਵਿੱਚ ਸੁੱਤੀ ਪਈ ਮਜ਼ਦੂਰ ਔਰਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਵਾਰਸਾਂ ਦੇ ਸ਼ੱਕ ਦੇ ਆਧਾਰ ’ਤੇ ਪਿੰਡ ਦੇ ਹੀ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਮਾਮਲੇ ਦੀ ਪੜਤਾਲ ਵਿੱਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਕ, ਦੇਸੂਜੋਧਾ ਵਿਖੇ ਮਾਂਗੇਆਣਾ ਰੋਡ ਖੇਤਰ ਵਿੱਚ ਮਜ਼ਦੂਰ ਬਲਦੇਵ ਸਿੰਘ ਦੀ ਪਤਨੀ ਰਾਣੀ ਕੌਰ ਘਰ ਦੇ ਵਿਹੜੇ ਵਿੱਚ ਸੁੱਤੀ ਪਈ ਸੀ। ਘਟਨਾ ਦੌਰਾਨ ਮ੍ਰਿਤਕਾ ਦਾ 16-17 ਸਾਲਾ ਲੜਕਾ ਰਾਜ ਕੁਮਾਰ ਘਰ ਵਿੱਚ ਸੁੱਤਾ ਪਿਆ ਸੀ। ਇਸ ਘਟਨਾ ਬਾਰੇ ਦਿਨ ਚੜ੍ਹਨ ਮੌਕੇ ਪਤਾ ਚੱਲਿਆ। ਰਾਜ ਕੁਮਾਰ ਨੇ ਦੱਸਿਆ ਕਿ ਉਸਦੀ ਮਾਤਾ ਦੇ ਪਿੰਡ ਦੇ ਹੀ ਹਰਵਿੰਦਰ ਸਿੰਘ ਉਰਫ਼ ਕਾਕਾ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਉਹ ਦਸ ਦਿਨ ਪਹਿਲਾਂ ਉਸ ਦੀ ਮਾਤਾ ਨੂੰ ਧਮਕਾ ਕੇ ਗਿਆ ਸੀ। ਦੇਸੂਜੋਧਾ ਚੌਕੀ ਦੇ ਮੁਖੀ ਕਮਲ ਸਿੰਘ ਨੇ ਕਿਹਾ ਕਿ ਲੜਕੇ ਦੀ ਸ਼ਿਕਾਇਤ ’ਤੇ ਹਰਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦਾ ਪਤੀ ਬਲਦੇਵ ਸਿੰਘ ਕਰੀਬ ਦੋ ਮਹੀਨੇ ਤੋਂ ਪਿੰਡ ਸਕਤਾਖੇੜਾ ਵਿੱਚ ਆਪਣੀ ਭੈਣ ਕੋਲ ਰਹਿ ਕੇ ਮਜ਼ਦੂਰੀ ਕਰ ਰਿਹਾ ਹੈ।