ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਦੇ ਬੀਹਟਾ ਪਿੰਡ ਵਿੱਚ ਨਸ਼ੇੜੀ ਨੌਜਵਾਨ ਨੇ ਨਸ਼ਾ ਕਰਨ ਤੋਂ ਰੋਕਣ ’ਤੇ ਆਪਣੇ ਦੋਸਤ ਦੇ ਢਿੱਡ ਵਿੱਚ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 23 ਸਾਲਾ ਗੌਰਵ ਵਜੋਂ ਹੋਈ ਹੈ। ਸਾਹਾ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਹਟਾ ਦੇ ਅੰਕਿਤ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਗੌਰਵ ਦੀ ਪਿੰਡ ਦੇ ਹੀ ਗੁਰਮੀਤ ਨਾਲ ਦੋਸਤੀ ਸੀ। ਗੁਰਮੀਤ ਨਸ਼ੇ ਕਰਨ ਦਾ ਆਦੀ ਸੀ। ਗੌਰਵ, ਗੁਰਮੀਤ ਨੂੰ ਅਕਸਰ ਨਸ਼ਾ ਕਰਨ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਕਈ ਵਾਰ ਤਕਰਾਰ ਹੋ ਜਾਂਦਾ ਸੀ ਪਰ ਇਸ ਵਾਰ ਦਾ ਤਕਰਾਰ ਜਾਨਲੇਵਾ ਸਾਬਤ ਹੋਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵੀਰਵਾਰ ਦੁਪਹਿਰੇ ਗੁਰਮੀਤ ਕਿਸੇ ਗੱਲ ਨੂੰ ਲੈ ਕੇ ਉਸ ਦੇ ਭਰਾ ਗੌਰਵ ਨਾਲ ਕੁੱਟ-ਮਾਰ ਕਰ ਰਿਹਾ ਸੀ। ਉਹ ਆਵਾਜ਼ ਸੁਣ ਕੇ ਜਦੋਂ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਗੁਰਮੀਤ ਉਸ ਦੇ ਭਰਾ ਗੌਰਵ ਦੇ ਢਿੱਡ ਵਿੱਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਗੌਰਵ ਨੂੰ ਲਹੂ-ਲੁਹਾਨ ਹਾਲਤ ਵਿੱਚ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਉੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।