ਪੱਤਰ ਪ੍ਰੇਰਕ
ਪੰਚਕੂਲਾ, 23 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਦਫ਼ਤਰ ਵਿੱਚ ‘ਹਰ ਹਿੱਤ ਰਿਟੇਲ ਸਟੋਰ’ ਯੋਜਨਾ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ‘ਪਰਿਵਾਰ ਪਛਾਣ ਪੱਤਰ’ ਯੋਜਨਾ ਰਾਹੀਂ ਚੋਣ ਕੀਤੇ ਗਏ ਪਰਿਵਾਰਾਂ ਨੂੰ ‘ਹਰ ਹਿੱਤ ਸਟੋਰ’ ਯੋਜਨਾ ਵਿੱਚ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਤੇ ਹਰਿਆਣਾ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਦੌਲਤਾਬਾਦ ਵੀ ਮੌਜੂਦ ਸਨ। ਯੋਜਨਾ ਤਹਿਤ ਹੁਣ ਤੱਕ 1258 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ। ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ 7 ਅਕਤੂਬਰ ਨੂੰ 71 ‘ਹਰ ਹਿੱਤ ਸਟੋਰ’ ਚਾਲੂ ਹੋ ਜਾਣਗੇ। ਇਹ ਸਟੋਰ 19 ਜ਼ਿਲ੍ਹਿਆਂ ਵਿੱਚ ਬਣਾਏ ਗਏ ਹਨ। ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਸਟੋਰਾਂ ਦਾ ਉਦਘਾਟਨ ਕਰਨਗੇ।
ਵੀਟਾ ਦੇ 5000 ਬੂਥ ਖੋਲ੍ਹਣ ਦੇ ਨਿਰਦੇਸ਼
ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਵੀਟਾ ਦੇ 5000 ਬੂਥ ਖੋਲ੍ਹਣ ਦੀ ਯੋਜਨਾ ਬਣਾਉਣ ਸਬੰਧੀ ਵੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਹਦਾਇਤ ਕੀਤੀ ਹੈ ਕਿ ਹਰ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਸਪਤਾਲ, ਬਾਜ਼ਾਰਾਂ ਆਦਿ ਵਿੱਚ ਵੀਟਾ ਦਾ ਬੂਥ ਹੋਣਾ ਚਾਹੀਦਾ ਹੈ। ਉਨ੍ਹਾਂ ਪੋਰਟੇਬਲ ਕੈਬਿਨ ਬਣਾ ਕੇ ਬੂਥ ਖੁਲ੍ਹਵਾਉਣ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।