ਆਤਿਸ਼ ਗੁਪਤਾ
ਚੰਡੀਗੜ੍ਹ, 7 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਲ 1991 ਤੋਂ 93 ਤੱਕ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਕਸ਼ਮੀਰੀ ਪੰਡਤਾਂ ਵੱਲੋਂ ਖਰੀਦੇ ਗਏ ਪਲਾਟਾਂ ਦੇ ਅਲਾਟਮੈਂਟ ਲੈਟਰ ਉਨ੍ਹਾਂ ਨੂੰ ਸੌਂਪੇ। ਉਨ੍ਹਾਂ ਅੱਜ 30 ਸਾਲਾਂ ਬਾਅਦ ਸੂਬੇ ਦੇ 182 ਕਸ਼ਮੀਰੀ ਪੰਡਤਾਂ ਦੇ ਪਰਿਵਾਰਾਂ ਨੂੰ ਜ਼ਮੀਨ ਦੇ ਦਸਤਾਵੇਜ਼ ਸੌਂਪੇ ਹਨ। ਸ੍ਰੀ ਖੱਟਰ ਨੇ ਕਿਹਾ ਕਿ ਸਾਲ 1997 ’ਚ ਵੀ ਸਰਕਾਰ ਨੇ ਕਾਨੂੰਨ ’ਚ ਸੋਧ ਕਰਦਿਆਂ ਕੁਝ ਕਸ਼ਮੀਰੀ ਪੰਡਤਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਸਨ। ਉਸ ਤੋਂ ਬਾਅਦ ਰਹਿੰਦੇ 182 ਪਰਿਵਾਰਾਂ ਨੂੰ 30 ਸਾਲਾਂ ਬਾਅਦ ਅੱਜ ਜ਼ਮੀਨ ਦਾ ਮਾਲਕਾਨਾ ਹੱਕ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਸ਼ਮੀਰੀ ਪੰਡਤਾਂ ਦੇ ਪਰਿਵਾਰਾਂ ਨੂੰ 5 ਹਜ਼ਾਰ ਰੁਪਏ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਸੀ, ਜਿਸ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਸੀ। ਸ੍ਰੀ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ’ਤੇ ਨੱਥ ਪਾਉਣ ਲਈ ਇਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ, ਜੋ ਭ੍ਰਿਸ਼ਟ ਅਧਿਕਾਰੀਆਂ ਦੀ ਚੋਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।