ਪੱਤਰ ਪ੍ਰੇਰਕ
ਕਾਲਾਂਵਾਲੀ, 9 ਮਾਰਚ
ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਖੱਟਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਅਤੇ ਇਸ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦੇ ਹਨ। ਅਭੈ ਸਿੰਘ ਚੌਟਾਲਾ ਅੱਜ ਕਾਲਾਂਵਾਲੀ ਹਲਕੇ ਦੇ ਪਿੰਡ ਰੋੜੀ ਵਿੱਚ ਹਲਕਾ ਪੱਧਰੀ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਦਿਨ ਰਾਤ ਇੱਕ ਕਰ ਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਰੋੜੀ ਇੱਕ ਵਿਧਾਨ ਸਭਾ ਖੇਤਰ ਦੇ ਰੂਪ ਵਿੱਚ ਸੀ ਤਾਂ ਇਸ ਖੇਤਰ ਦੇ ਲੋਕਾਂ ਨੇ ਉਨ੍ਹਾਂ ਨੂੰ ਰਿਕਾਰਡ ਵੋਟਾਂ ਨਾਲ ਜੇਤੂ ਬਣਾ ਕੇ ਹਰਿਆਣਾ ਵਿਧਾਨ ਸਭਾ ਭੇਜਿਆ ਸੀ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਕਈ ਪਰਿਵਾਰਾਂ ਦੇ ਮੈਂਬਰਾਂ ਨੇ ਇਨੈਲੋ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਮਹਿਲਾ ਪ੍ਰਧਾਨ ਕ੍ਰਿਸ਼ਨਾ ਫੌਗਾਟ ਤੇ ਸਾਬਕਾ ਵਿਧਾਇਕ ਡਾ. ਸੀਤਾਰਾਮ ਸਮੇਤ ਹੋਰ ਪਾਰਟੀ ਆਗੂ ਮੌਜੂਦ ਸਨ।