ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਅਗਸਤ
ਹਲਕਾ ਵਿਧਾਇਕ ਰਾਮ ਕਰਨ ਕਾਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਕੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਮਾਹੌਲ ਪੈਦਾ ਕੀਤਾ ਹੈ। ਇਸੇ ਦੀ ਬਦੌਲਤ ਸੂਬੇ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਹਾਸਲ ਕਰ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ। ਉਹ ਅੱਜ ਅੰਮ੍ਰਿਤ ਦਾ ਮਹਾਉਤਸਵ ਤਹਿਤ ਹਰ ਘਰ ਤਿਰੰਗਾ ਮੁਹਿੰਮ ਸਬੰਧੀ ਰਾਜੀਵ ਗਾਂਧੀ ਚੌਕ ’ਤੇ ਇਕ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ ਨੇ ਕਿਹਾ ਕਿ ਸੂਬੇ ਵਿਚ ਕਰੀਬ ਢਾਈ ਕਰੋੜ ਲੋਕ ਰਹਿੰਦੇ ਹਨ ਜੋ ਦੇਸ਼ ਦੀ ਅਬਾਦੀ ਦਾ ਦੋ ਫੀਸਦ ਹਿੱਸਾ ਹਨ ਪਰ ਖੇਡਾਂ ਵਿਚ ਸੂਬੇ ਦੇ ਨੌਜਵਾਨਾਂ ਦੀ ਵੱਖਰੀ ਭਾਵਨਾ ਹੈ। ਇਸ ਦੌਰਾਨ ਐੱਸਡੀਐੱਮ ਕਪਿਲ ਸ਼ਰਮਾ ਨੇ ਪ੍ਰੋਗਰਾਮ ਤੋਂ ਬਾਅਦ ਬੂਟੇ ਲਾਏ ਤੇ ਲੋਕਾਂ ਨੂੰ ਇਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ।