ਪੱਤਰ ਪ੍ਰੇਰਕ
ਫਰੀਦਾਬਾਦ, 25 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਕੁਨੈਕਟੀਵਿਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸੁਵਿਧਾਵਾਂ ਮਿਲਣਗੀਆਂ। ਉਹ ਅੱਜ ਪਲਵਲ ਜ਼ਿਲ੍ਹੇ ਦੇ ਪਿੰਡ ਗਦਪੁਰੀ ਵਿੱਚ ਫਰੀਦਾਬਾਦ ਲੋਕ ਸਭਾ ਹਲਕੇ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿੱਚ ਪਹੁੰਚਣ ‘ਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਜਰ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਹਰਿਆਣਾ ਵਿੱਚ ਮੈਟਰੋ ਅਤੇ ਨੈਸ਼ਨਲ ਹਾਈਵੇ ਵਰਗੇ ਵੱਡੇ ਪ੍ਰੋਜੈਕਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਵਰ ਹਵਾਈ ਅੱਡੇ ਦੇ ਵਿਕਾਸ ਨਾਲ ਇਸ ਖੇਤਰ ਵਿੱਚ ਉਦਯੋਗੀਕਰਨ ਤੇਜ਼ੀ ਨਾਲ ਹੋਵੇਗਾ। ਮੁੰਬਈ ਐਕਸਪ੍ਰੈੱਸ ਵੇਅ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਲੰਘ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ‘ਹਰਿਆਣਾ ਏਕ-ਹਰਿਆਣਵੀ ਏਕ’ ਦੀ ਸੋਚ ਨੂੰ ਸਾਰਥਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਆਈਡੀ ਅਤੇ ਫੈਮਿਲੀ ਆਈਡੀ ਨਾਲ ਸਬੰਧਤ ਸਾਰੇ ਪਹਿਲੂਆਂ ‘ਤੇ ਧਿਆਨ ਦਿੰਦੇ ਹੋਏ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਦਾ ਸਥਾਈ ਹੱਲ ਕੱਢਿਆ ਜਾਵੇਗਾ।