ਗੁਰਦੀਪ ਸਿੰਘ ਭੱਟੀ
ਟੋਹਾਣਾ, 4 ਦਸੰਬਰ
ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ’ਚ ਅਸਫ਼ਲ ਰਹੀ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਸੰਕਟ ਦੇ ਬੱਦਲ ਛਾਉਣ ਲੱਗੇ ਹਨ। ਮੁੱਖ ਮੰਤਰੀ ਮਨੋਹਰ ਲਾਲ ਦੇ ਬਿਆਨ ਦਾ ਕਿਸਾਨਾਂ ਨੇ ਕੌਮੀ ਪੱੱਧਰ ’ਤੇ ਵਿਰੋਧ ਕੀਤਾ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਖਾਪ ਪੰਚਾਇਤਾਂ ਨੇ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਹਰਿਆਣਾ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਹਰਿਆਣਾ ਵਿੱਚ ਹਰਿਆਣਾ ਸਰਕਾਰ ਵਿੱਚ ਸ਼ਾਮਲ ਪਾਰਟੀਆਂ ਨੂੰ ਜ਼ਾਬਤੇ ’ਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਖਾਪ ਪੰਚਾਇਤਾਂ ਨੇ ਜਜਬਾ ਨੂੰ ਕਿਸਾਨੀ ਮਸਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਹੈ। ਕਿਸਾਨਾਂ ਨਾਲ ਹਰਿਆਣਾ ਵਿੱਚ ਵਾਪਰੇ ਘਟਨਾਕ੍ਰਮ ਸਬੰਧੀ ਵੀ ਜਜਪਾ ਘਿਰਦੀ ਨਜ਼ਰ ਆ ਰਹੀ ਹੈ। ਜਜਪਾ ਵਿਧਾਇਕ ਖਾਪ ਪੰਚਾਇਤਾਂ ਦੇ ਦਬਾਅ ਹੇਠ ਨਜ਼ਰ ਆ ਰਹੇ ਹਨ। ਖਾਪ ਪੰਚਾਇਤਾਂ ਨੇ ਆਖਿਆ ਕਿ ਉਹ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਨੂੰ ਸਥਿਤੀ ਸਪੱਸ਼ਟ ਕਰਨ ਲਈ ਸੰਪਕਰ ਕਰਨਗੀਆਂ ਤੇ ਸਮਰਥਨ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਖਾਪ ਪੰਚਾਇਤਾਂ ਦੀ ਮੰਗ ਦੀ ਅਣਦੇਖੀ ਕਰਨ ਵਾਲੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂਂ ਹੋਣ ਦਿੱਤਾ ਜਾਵੇਗਾ। ਸੂਬੇ ਦੀਆਂ ਖਾਪ ਪੰਚਾਇਤਾਂ ਨੇ ਜਜਪਾ ਦੇ ਦੁਸ਼ਯੰਤ ਚੌਟਾਲਾ ਨੂੰ ਸਵਾਲ ਕੀਤਾ ਹੈ ਕਿ ਉਹ ਸਪੱਸ਼ਟ ਕਰਨ ਕਿ ਉਹ ਸੰਘਰਸ਼ਸੀਲ ਕਿਸਾਨਾਂ ਦੀ ਮੰਗਾਂ ਨਾਲ ਹਨ ਜਾਂ ਸੱਤਾ ਦੀ ਕੁਰਸੀ ’ਤੇ ਬਿਰਾਜਮਾਨ ਰਹਿਣਾ ਚਾਹੁੰਦੇ ਹਨ। ਖਾਪ ਪੰਚਾਇਤਾਂ ਦੇ ਕਿਸਾਨੀ ਸੰੰਘਰਸ਼ ਵਿਚ ਕੁੱਦਣ ਨਾਲ ਜਜਪਾ ਦਾ ਭਾਜਪਾ ਨਾਲ ਸਿਆਸੀ ਸਫ਼ਰ ਸੌਖਾ ਨਹੀਂ ਰਿਹਾ ਕਿਉਂਕਿ ਜਜਪਾ ਦੇ ਅੰਦਰ ਵੀ ਪਾਰਟੀ ਮੈਂਬਰਾਂ ਵਜੋਂ ਕਿਸਾਨਾਂ ਦੀ ਬਹੁਗਿਣਤੀ ਹੈ। ਜਜਪਾ ਵਰਕਰਾਂ ਮੁਤਾਬਕ ਜੇਕਰ ਪਾਰਟੀ ਨੇ ਸਮੇਂ ਸਿਰ ਫੈਸਲਾ ਨਾ ਲਿਆ ਤਾਂ ਦਿਹਾਤੀ ਖੇਤਰ ਵਿੱਚ ਪਾਰਟੀ ਦੀ ਹੋਂਦ ਨੂੰ ਸੱਟ ਵੱਜ ਸਕਦੀ ਹੈ।
ਖਾਪ ਪੰਚਾਇਤਾਂ ਸਮੇਤ ਵਪਾਰੀਆਂ, ਮਜ਼ਦੂਰਾਂ, ਕਰਮਚਾਰੀਆਂ, ਕਿਸਾਨਾਂ ਦੇ ਰੋਹ ਕਾਰਨ ਭਾਜਪਾ ਦੀ ਭਾਈਵਾਲ ਜਜਪਾ ਕਾਫੀ ਦਬਾਅ ਹੇਠ ਹੈ। ਪਾਰਟੀ ’ਤੇ ਅੰਦਰੋਂ ਤੇ ਬਾਹਰੋਂ ਕਾਫੀ ਦਬਾਅ ਹੈ। ਖਾਪਾਂ ਨੇ ਕਿਸਾਨ ਸੰਘਰਸ਼ ਨੂੰ ਮਾਨਤਾ ਦਿੰਦੇ ਹੋਏ ਪਿੰਡਾਂ ਵਿੱਚੋਂ ਰਸਦ ਭੇਜ ਕੇ ਹਰਿਆਣਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੂਬੇ ਵਿੱਚ ਵੱਡਾ ਮੰਚ ਤਿਆਰ ਕਰ ਦਿੱਤਾ ਹੈ।
ਪਿੰਡ ਉਝਾਨਾ ਤੋਂ ਹਰ ਤੀਜੇ ਦਿਨ ਦੁੱਧ ਦਾ ਟੈਂਕਰ ਦਿੱਲੀ ਦੇ ਸੰਘਰਸ਼ਸ਼ੀਲ ਕਿਸਾਨਾਂ ਲਈ ਭੇਜਿਆ ਜਾ ਰਿਹਾ ਹੈ। ਪਿੰਡਾਂ ਵਿੱਚੋਂ ਦੇਸੀ ਘਿਓ ਤੇ ਰਸਦ ਵਾਲੀਆਂ ਟਰਾਲੀਆਂ ਦਿੱਲੀ ਵੱਲ ਕੂਚ ਕਰਨ ਲੱਗੀਆਂ ਹਨ।