ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਜੂਨ
ਸ਼ਹਿਰ ਦੇ ਕਾਲਕਾ ਚੌਕ ਤੋਂ ਨਸੀਰਪੁਰ ਤੱਕ ਸੜਕ ਦੇ ਡਿਵਾਈਡਰ ’ਤੇ ਪੀਡਬਲਯੂਡੀ ਵਿਭਾਗ ਵੱਲੋਂ 95 ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ, ਜਿਸ ਦਾ ਨੀਂਹ ਪੱਥਰ ਅੱਜ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ ਰੱਖਿਆ। ਇਸ ਮੌਕੇ ਅੰਬਾਲਾ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਵੀ ਮੌਜੂਦ ਸਨ। ਸ੍ਰੀ ਕਟਾਰੀਆ ਨੇ ਕਿਹਾ ਕਿ ਵਿਧਾਇਕ ਅਸੀਮ ਗੋਇਲ ਦੀ ਮਿਹਨਤ ਨਾਲ ਇਹ ਪ੍ਰਾਜੈਕਟ ਸ਼ੁਰੂ ਹੋਇਆ ਹੈ। ਇਸ ਪ੍ਰਾਜੈਕਟ ਦੇ ਤਹਿਤ ਸਾਢੇ 4 ਕਿੱਲੋਮੀਟਰ ਸੜਕ ’ਤੇ 80 ਪੋਲ ਲਾਏ ਜਾਣਗੇ, ਜਿਨ੍ਹਾਂ ’ਤੇ ਸੜਕ ਦੇ ਦੋਹੀਂ ਪਾਸੀਂ ਐੱਲਈਡੀ ਲਾਈਟਾਂ ਲਾਈਆਂ ਜਾਣਗੀਆਂ। ਲਾਈਟਾਂ ਲੱਗਣ ਤੋਂ ਬਾਅਦ ਸ਼ਹਿਰ ਦੀ ਸੁੰਦਰਤਾ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਵਿਚ ਅੰਬਾਲਾ ਦੀ ਕਾਇਆ ਪਲਟ ਗਈ ਹੈ। ਵਿਧਾਇਕ ਅਸੀਮ ਗੋਇਲ ਨੇ ਕਿਹਾ ਕਿ 2014 ਵਿਚ ਜਦੋਂ ਉਨ੍ਹਾਂ ਨੂੰ ਅੰਬਾਲਾ ਵਿਰਾਸਤ ਵਿਚ ਮਿਲਿਆ ਤਾਂ ਇਥੇ ਵਿਕਾਸ ਦੀ ਬਹੁਤ ਘਾਟ ਸੀ ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਬਾਲਾ ਵਿਚ ਵਿਕਾਸ ਦੇ ਰਫ਼ਤਾਰ ਤੇਜ਼ ਕੀਤੀ ਹੈ।