ਆਤਿਸ਼ ਗੁਪਤਾ/ਸਰਬਜੋਤ ਸਿੰਘ ਦੁੱਗਲ
ਚੰਡੀਗੜ੍ਹ/ਕਰਨਾਲ, 10 ਸਤੰਬਰ
ਕਰਨਾਲ ’ਚ ਹੋਏ ਲਾਠੀਚਾਰਜ ਦੇ ਵਿਰੋਧ ’ਚ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਮਿਨੀ ਸਕੱਤਰੇਤ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰੱਖਿਆ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ ਦਵਿੰਦਰ ਸਿੰਘ ਉਨ੍ਹਾਂ ਨਾਲ ਗੱਲਬਾਤ ਲਈ ਅੱਜ ਕਰਨਾਲ ਪਹੁੰਚੇ। ਇਸ ਤੋਂ ਬਾਅਦ ਅਧਿਕਾਰੀ ਨਾਲ ਗੱਲਬਾਤ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ 13 ਮੈਂਬਰੀ ਵਫ਼ਦ ਵੀ ਡੀਸੀ ਦਫ਼ਤਰ ਪਹੁੰਚਿਆ। ਕਿਸਾਨਾਂ ਤੇ ਪ੍ਰਸ਼ਾਸਕੀ ਅਧਿਕਾਰੀਆਂ ਦਰਮਿਆਨ ਅੱਜ ਕਰੀਬ 4 ਘੰਟੇ ਦੇ ਕਰੀਬ ਮੀਟਿੰਗ ਹੋਈ। ਸੂਤਰਾਂ ਮੁਤਾਬਕ ਬੈਠਕ ਸਕਰਾਤਮਕ ਰਹੀ ਹੈ ਪਰ ਆਖਰੀ ਫ਼ੈਸਲੇ ’ਤੇ ਮੋਹਰ ਲੱਗਣੀ ਬਾਕੀ ਹੈ। ਇਸ ਲਈ ਭਲਕੇ ਸਵੇਰੇ 9 ਵਜੇ ਮੁੜ ਮੀਟਿੰਗ ਰੱਖੀ ਗਈ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਚੰਗੀ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਗਿਆ ਹੈ। ਆਖਰੀ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਲਿਆ ਜਾਵੇਗਾ। ਹਰਿਆਣਾ ਸਰਕਾਰ ਨੇ ਕਰਨਾਲ ਸਕੱਤਰੇਤ ਦੇ ਆਲੇ-ਦੁਆਲੇ ਲੱਗੇ ਕਈ ਦਰੱਖਤਾਂ ਦੇ ਪੱਤਿਆਂ ਨੂੰ ਅੱਜ ਝਾੜ ਦਿੱਤਾ। ਇਸ ਨਾਲ ਕਿਸਾਨਾਂ ’ਤੇ ਸਿੱਧੀ ਧੁੱਪ ਪੈਂਦੀ ਰਹੀ। ਇਸ ਦੇ ਬਾਵਜੂਦ ਕਿਸਾਨ ਡਟੇ ਰਹੇ। ਉਹ ਆਪਣੀ ਮੰਗ ਉਤੇ ਅੜੇ ਹੋਏ ਹਨ ਕਿ ਜਦ ਤੱਕ ਆਈਏਐੱਸ ਆਯੂਸ਼ ਸਿਨਹਾ ਨੂੰ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਭਲਕੇ ਕਰਨਾਲ ਵਿੱਚ ਕੀਤੀ ਜਾਣ ਵਾਲੀ ਮਹਾ ਪੰਚਾਇਤ ਦੀ ਰਣਨੀਤੀ ਤਿਆਰ ਕਰ ਰਿਹਾ ਹੈ। ਮਹਾ ਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਕਰਨਾਲ ’ਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਅੱਜ ਚਲਾ ਦਿੱਤੀਆਂ ਗਈਆਂ ਹਨ।
ਜੀਂਦ ਵਿਚ ਕਿਸਾਨਾਂ ਨੇ ਭਾਜਪਾ ਵਿਧਾਇਕ ਦਾ ਵਿਰੋਧ ਕੀਤਾ
ਜੀਂਦ ਵਿੱਚ ਭਾਜਪਾ ਵੱਲੋਂ ਰੱਖੀ ਗਈ ਮੀਟਿੰਗ ਦਾ ਕਿਸਾਨ ਜਥੇਬੰਦੀਆਂ ਨੇ ਅੱਜ ਵਿਰੋਧ ਕੀਤਾ। ਵਿਧਾਇਕ ਮਹਿਪਾਲ ਢਾਂਡਾ ਇਸ ਮੀਟਿੰਗ ਵਿਚ ਪਹੁੰਚੇ ਸਨ ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਨੇ ਘਿਰਾਓ ਕੀਤਾ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਵਿਧਾਇਕ ਨੂੰ ਸਖ਼ਤ ਸੁਰੱਖਿਆ ਹੇਠ ਲਿਜਾਇਆ ਗਿਆ। ਕਿਸਾਨ ਨੇਤਾ ਸਤਬੀਰ ਪਹਿਲਵਾਨ ਨੇ ਦੱਸਿਆ ਕਿ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਜਾਰੀ ਰਹੇਗਾ।
ਹਾਥੀ ਨਿਕਲ ਗਿਆ, ਪੂਛ ਨਿਕਲਣੀ ਬਾਕੀ: ਚੜੂਨੀ
ਪ੍ਰਸ਼ਾਸਨ ਨਾਲ ਕਰੀਬ 5 ਘੰਟੇ ਚਲੀ ਬੈਠਕ ਮਗਰੋਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਾਥੀ ਨਿਕਲ ਗਿਆ ਹੈ, ਪਰ ਪੂਛ ਨਿਕਲਣੀ ਬਾਕੀ ਹੈ, ਇਸ ਲਈ ਸਭ ਕਿਸਾਨ ਫਿਲਹਾਲ ਧਰਨੇ ’ਤੇ ਡਟੇ ਰਹਿਣਗੇ। ਇਸ ਤੋਂ ਪਹਿਲਾ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਤੋਂ ਕਰਨਾਲ ਪੁੱਜੇ ਐਡੀਸ਼ਨਲ ਚੀਫ ਸੈਕਟਰੀ (ਐਚਸੀਐਸ) ਦੇਵੇਂਦਰ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਚੜੂਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਸਾਡੀਆਂ ਕਾਫੀ ਮੰਗਾਂ ’ਤੇ ਰਾਜ਼ੀ ਹੋ ਗਿਆ ਹੈ, ਪਰ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਤੋਂ ਆ ਰਹੇ ਅਹੁਦੇਦਾਰਾਂ ਨਾਲ ਫਾਈਨਲ ਗੱਲਬਾਤ ਹੋਵੇਗੀ।