ਸਤਪਾਲ ਰਾਮਗੜ੍ਹੀਆ
ਪਿਹੋਵਾ, 19 ਜੁਲਾਈ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਹਰ ਨਾਗਰਿਕ ਨੂੰ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਸੁਰੱਖਿਆ ਕਰਨ ਦਾ ਸੰਕਲਪ ਲੈਣਾ ਹੋਵੇਗਾ। ਇਸ ਸੰਕਲਪ ਨੂੰ ਲੈ ਕੇ ਹੀ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ। ਇਸ ਲਈ ਸੂਬੇ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਸਰਕਾਰ ਵੱਲੋਂ ਆਕਸੀਜਨ ਬਣਾਉਣ ਦੀ ਯੋਜਨਾ ਵੀ ਲਾਗੂ ਕੀਤੀ ਗਈ ਹੈ। ਸਰਕਾਰ ਵੱਲੋਂ ਦਰੱਖਤਾਂ ਨੂੰ ਪਿਆਰ ਕਰਨ ਅਤੇ ਵਾਤਾਵਰਨ ਦੀ ਸੰਭਾਲ ਕਰਨ ਵਾਲੇ ਲੋਕਾਂ ਲਈ ਦਰਸ਼ਨ ਲਾਲ ਜੈਨ ਵਾਤਾਵਰਨ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਮੰਗਲਵਾਰ ਨੂੰ ਪਿਹੋਵਾ ਦੇ ਸਯੋਂਸਰ ਪਿੰਡ ਵਿੱਚ ਸਰਸਵਤੀ ਵੈਨ ‘ਚ ਹਰਿਆਣਾ ਵਣ ਵਿਭਾਗ ਵੱਲੋਂ ਕਰਵਾਏ 73ਵੇਂ ਸੂਬਾ ਪੱਧਰੀ ਵਣ ਮਹਾਉਤਸਵ ਵਿੱਚ ਬੋਲ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਮੋਲਸਰੀ ਦਾ ਬੂਟਾ ਲਗਾ ਕੇ 73ਵੇਂ ਸੂਬਾ ਪੱਧਰੀ ਵਣ ਮਹਾਉਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ਹਰਿਆਣਾ ਦੇ ਜੰਗਲਾਤ ਮੰਤਰੀ ਕੰਵਰ ਪਾਲ, ਖੇਡ ਮੰਤਰੀ ਸੰਦੀਪ ਸਿੰਘ, ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ ਨੇ ਵੀ ਮੋਲਸਰੀ ਦਾ ਬੂਟਾ ਲਾਇਆ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਡਾ. ਅਸ਼ੋਕ ਖਾਸਾ, ਰਾਜਬੀਰ ਸਿੰਘ, ਵਰਿੰਦਰ ਸਿੰਘ, ਸੁਰੇਸ਼ ਕੁਮਾਰ, ਪ੍ਰਦੀਪ ਦਾ ਸਨਮਾਨ ਵੀ ਕੀਤਾ| ਇਸ ਪ੍ਰੋਗਰਾਮ ਤੋਂ ਬਾਅਦ ਵਣ ਵਿਭਾਗ ਵੱਲੋਂ ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਇਸ ਦੌਰਾਨ ਖੇਡ ਮੰਤਰੀ ਸੰਦੀਪ ਸਿੰਘ ਨੇ ਪਿੰਡ ਨੀਮੇਵਾਲਾ ਦੀ ਸੜਕ ਨੂੰ ਚੌੜਾ ਕਰਨ ਅਤੇ ਮੰਡੀ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੂਟੇ ਲਗਾਉਣ ਦਾ ਇਹ ਸਭ ਤੋਂ ਢੁਕਵਾਂ ਸਮਾਂ ਹੈ। ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਮੀਂਹ ਪੈਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਸਰਕਾਰ ਵੱਲੋਂ ਇਸ ਸਾਲ ਦੋ ਕਰੋੜ ਬੂਟੇ ਲਗਾਏ ਜਾਣਗੇ।