ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਜੂਨ
ਪਿੰਡ ਬੁਹਾਵੀ ਵਿਚ ਗੰਦਾ ਪਾਣੀ ਸਪਲਾਈ ਹੋਣ ਕਰ ਕੇ ਪਿੰਡ ਵਿਚ ਪੀਲੀਆ ਫੈਲਣ ਲੱਗ ਪਿਆ ਹੈ। ਪਿੰਡ ਵਿਚ ਗੰਦੇ ਪਾਣੀ ਦੀ ਸਪਲਾਈ ਕਰ ਕੇ ਲੋਕ ਬਿਮਾਰ ਹੋ ਚੁੱਕੇ ਹਨ। ਪਿੰਡ ਵਿਚ ਪੀਲੀਆ ਫੈਲਣ ਦੀ ਖ਼ਬਰ ਮਿਲਦੇ ਹੀ ਸਰਕਾਰੀ ਹਸਪਤਾਲ ਬਾਬੈਨ ਦੇ ਐੱਸਐੱਮਓ ਡਾ. ਸੋਨੀਆ ਸੈਣੀ ਤੇ ਉਨ੍ਹਾਂ ਦੀ ਟੀਮ ਨੇ 22 ਲੋਕਾਂ ਦੇ ਖ਼ੂਨ ਦੇ ਨਮੂਨੇ ਲਏ ਹਨ। ਇਨ੍ਹਾਂ ਵਿੱਚੋਂ 10 ਗਰਭਵਤੀ ਮਹਿਲਾਵਾਂ ਹਨ।
ਇਸ ਸਬੰਧੀ ਪਿੰਡ ਬੁਹਾਵੀ ਵਾਸੀ ਬਲਵਿੰਦਰ ਸਿੰਘ, ਵੇਦ ਪ੍ਰਕਾਸ਼, ਰੰਜੀਤ ਸਿੰਘ ਤੇ ਯਾਸੀਨ ਅਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਟਿਊਬਵੈਲ ਤੋਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਿੱਛਲੇ ਇੱਕ ਮਹੀਨੇ ਤੋਂ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਬਿਮਾਰ ਹੋਣ ਲੱਗ ਪਏ ਤਾਂ ਵਿਭਾਗ ਹਰਕਤ ਵਿੱਚ ਆਇਆ। ਪਿੰਡ ਦੀਆਂ ਨਾਲੀਆਂ ਵਿਚੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਹਟਾਇਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੇ ਪਾਈਪ ਟੁੱਟੇ ਹੋਣ ਕਰ ਕੇ ਨਾਲੀਆਂ ਦਾ ਗੰਦਾ ਪਾਣੀ ਪਾਈਪਾਂ ਵਿੱਚ ਚਲਾ ਜਾਂਦਾ ਹੈ।
ਇਸ ਬਾਰੇ ਐਸਐਮਓ ਡਾ. ਸੋਨੀਆ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਘਰਾਂ ਵਿਚ ਜਾਣ ਵਾਲੇ ਪਾਈਪ ਖ਼ਰਾਬ ਤੇ ਲੀਕ ਹਨ। ਇਹ ਪਾਈਪ ਨਾਲੀਆਂ ਤੇ ਗੰਦੇ ਪਾਣੀ ਵਿੱਚੋਂ ਲੰਘ ਰਹੇ ਹਨ। ਪਾਈਟ ਟੁੱਟਣ ਕਾਰਨ ਨਾਲੀਆਂ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ ਜੋ ਬੀਮਾਰੀ ਦਾ ਮੁੱਖ ਕਾਰਨ ਹੈ। ਵਿਭਾਗ ਦੇ ਕਰਮਚਾਰੀ ਪਾਈਪਾਂ ਠੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਅਜੇ ਤਕ ਨੌਂ ਮਰੀਜ਼ ਪੀਲੀਆ ਦੇ ਮਿਲੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਵਿਭਾਗ ਦੀ ਟੀਮ ਨੇ 22 ਜਣਿਆਂ ਦੇ ਖ਼ੂਨ ਦੇ ਨਮੂਨੇ ਜਾਂਚ ਲਈ ਅੰਬਾਲਾ ਭੇਜ ਦਿੱਤਾ ਗਿਆ ਹੈ।