ਪੱਤਰ ਪ੍ਰੇਰਕ
ਰਤੀਆ, 20 ਜਨਵਰੀ
ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਲਗਾਤਾਰ ਵਧ ਰਹੇ ਨਾਜਾਇਜ਼ ਕਬਜਿਆਂ ਦੇ ਚੱਲਦੇ ਹਰ ਸਮੇਂ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਚ ਅਧਿਕਾਰੀਆਂ ਦੇ ਆਦੇਸ਼ ’ਤੇ ਨਗਰ ਪਾਲਿਕਾ ਵਲੋਂ ਸਮੇਂ-ਸਮੇਂ ’ਤੇ ਲਗਾਤਾਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਪਰ ਮੁਹਿੰਮ ਦੇ ਕੁੱਝ ਸਮੇਂ ਉਪਰੰਤ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਸਥਿਤੀ ਜਿਉਂ ਦੀ ਤਿਉਂ ਬਣ ਜਾਂਦੀ ਹੈ। ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪਾਰਕਿੰਗ ਦੀ ਵਿਸ਼ੇਸ਼ ਵਿਵਸਥਾ ਨਾ ਹੋਣ ਕਾਰਨ ਜ਼ਿਆਦਾਤਰ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਸੜਕ ਵਿਚਕਾਰ ਹੀ ਖੜ੍ਹਾ ਕਰਕੇ ਦੁਕਾਨਾਂ ਵਿਚ ਖਰੀਦਦਾਰੀ ਲਈ ਚਲੇ ਜਾਂਦੇ ਹਨ, ਜਿਸ ਦੇ ਚੱਲਦੇ ਬਾਜ਼ਾਰਾਂ ਵਿਚ ਜਾਮ ਲੱਗ ਜਾਂਦਾ ਹੈ, ਇਸ ਕਾਰਨ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸ਼ਹਿਰ ਵਾਸੀ ਪ੍ਰਵੇਸ਼ ਕੁਮਾਰ, ਮਹੇਸ਼ ਕੁਮਾਰ, ਪ੍ਰਦੀਪ ਕੁਮਾਰ, ਰਾਜ ਕੁਮਾਰ, ਕੈਲਾਸ਼ ਚੰਦਰ, ਇੰਦਰਜੀਤ, ਬੱਬੂ, ਕਰਤਾਰ ਅਤੇ ਹੋਰ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸ਼ਹਿਰ ਵਿਚ ਸਥਾਈ ਪਾਰਕਿੰਗ ਵਿਵਸਥਾ ਕਰਨ ਤੋਂ ਇਲਾਵਾ ਲਗਾਤਾਰ ਨਾਜਾਇਜ਼ ਕਬਜ਼ੇ ਰੋਕਣ ਲਈ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰਪਾਲਿਕਾ ਪ੍ਰਸ਼ਾਸਨ ਰੋਜ਼ਾਨਾ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇ ਤਾਂ ਕਾਫ਼ੀ ਹੱਦ ਤੱਕ ਸ਼ਹਿਰ ਵਿਚ ਜਾਮ ਦੀ ਸਥਿਤੀ ਸਮਾਪਤ ਹੋ ਜਾਵੇਗੀ ਅਤੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਮੁੱਖ ਬਾਜ਼ਾਰ ਵਿਚ ਸਥਾਈ ਪਾਰਕਿੰਗ ਵਿਵਸਥਾ ਕਰਨ ਦੀ ਮੰਗ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਅਤੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਬਾਜ਼ਾਰ ਵਿਚ ਹੀ ਪਾਰਕਿੰਗ ਵਿਵਸਥਾ ਕਰਦਾ ਹੈ ਤਾਂ ਸਾਰੇ ਵਾਹਨ ਪਾਰਕਿੰਗ ਸਥਾਨ ’ਤੇ ਹੀ ਖੜ੍ਹੇ ਹੋਣਗੇ ਅਤੇ ਬਾਜ਼ਾਰ ਵਿਚ ਵੀ ਜਾਮ ਨਹੀਂ ਲੱਗੇਗਾ।