ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 12 ਦਸੰਬਰ
ਸਿੰਘੂ ਹੱਦ ਤੋਂ ਬੀਤੇ ਦਿਨ ਕਾਫ਼ਲੇ ਨਾਲ ਵਾਪਸ ਆਉਂਦਿਆਂ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਲੱਗੇ ਜਾਮ ਦੌਰਾਨ ਬੱਸ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਜਲੰਧਰ ਦੇ ਪਿਆਰਾ ਸਿੰਘ (62) ਦੀ ਮੌਤ ਹੋ ਗਈ। ਅੰਬਾਲਾ ਸ਼ਹਿਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਆਰਾ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ, ਭਾਣਜਾ ਮਨਦੀਪ ਸਿੰਘ ਤੇ ਉਸ ਦੀ ਮਾਤਾ ਗੁਰਮੀਤ ਕੌਰ ਆਪਣੀ ਕਾਰ ਰਾਹੀਂ ਸਿੰਘੂ ਹੱਦ ਤੋਂ ਪੰਜਾਬ ਆ ਰਹੇ ਸਨ। ਸ਼ੰਭੂ ਹੱਦ ਤੋਂ ਪਹਿਲਾਂ ਅੰਬਾਲਾ ਨੇੜੇ ਜਾਮ ਲੱਗਾ ਸੀ। ਉਸ ਦਾ ਪਤੀ ਜਾਮ ਦੀ ਸਥਿਤੀ ਦੇਖਣ ਲਈ ਸੜਕ ਦੇ ਦੂਜੇ ਪਾਸੇ ਗਿਆ ਤਾਂ ਇੱਕ ਬੱਸ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।