ਪੱਤਰ ਪ੍ਰੇਰਕ
ਕਾਲਾਂਵਾਲੀ, 31 ਅਗਸਤ
ਪਿੰਡ ਹੱਸੂ ’ਚ ਦੋ ਧਿਰਾਂ ’ਚ ਹੋਈ ਗੋਲੀਬਾਰੀ ’ਚ ਮਾਰੇ ਗਏ ਜਗਰਾਜ ਸਿੰਘ ਗਾਜੀ ਦਾ ਹਾਲੇ ਤੱਕ ਪਰਿਵਾਰ ਵੱਲੋਂ ਉਸ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਮ੍ਰਿਤਕ ਦੀ ਪਤਨੀ ਗੁਰਵਿੰਦਰ ਕੌਰ ’ਤੇ ਦਰਜ ਕੀਤੇ ਇਰਾਦਾ ਕਤਲ ਦੇ ਕੇਸ ਨੂੰ ਰੱਦ ਕਰਨ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਪਰਿਵਾਰ ਦੀਆਂ ਮਹਿਲਾਵਾਂ ਨੇ ਸੜਕ ’ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ।
ਜਗਰਾਜ ਸਿੰਘ ਗਾਜੀ ਦੇ ਪਰਿਵਾਰ ਦੀਆਂ ਮਹਿਲਾਵਾਂ ਨੇ ਅੱਜ ਮ੍ਰਿਤਕ ਦੀ ਪਤਨੀ ਗੁਰਵਿੰਦਰ ਕੌਰ ਦੀ ਅਗਵਾਈ ’ਚ ਪਿੰਡ ਜਗਮਾਲਵਾਲੀ ਕੋਲ ਸੜਕ ’ਤੇ ਜਾਮ ਲਾਇਆ। ਜਾਮ ਦੀ ਸੂਚਨਾ ਮਿਲਣ ’ਤੇ ਕਾਲਾਂਵਾਲੀ ਦੇ ਡੀਐੱਸਪੀ ਯਾਦ ਰਾਮ ਤੇ ਔਢਾਂ ਦੇ ਥਾਣਾ ਮੁਖੀ ਕਰਨ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਨੂੰ ਜਾਮ ਖੋਲ੍ਹਣ ਲਈ ਕਿਹਾ ਪਰ ਉਹ ਨਹੀਂ ਮੰਨੇ। ਦੂਜੀ ਧਿਰ ਦੇ ਗੋਲੀ ਲੱਗਣ ਦੇ ਮਾਮਲੇ ’ਚ ਮ੍ਰਿਤਕ ਦੀ ਪਤਨੀ ਗੁਰਵਿੰਦਰ ਕੌਰ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਜਗਰਾਜ ਦੇ ਰਿਸ਼ਤੇਦਾਰਾਂ ਅਨੁਸਾਰ ਪੁਲੀਸ ਨੇ ਝੂਠਾ ਕੇਸ ਦਰਜ ਕੀਤਾ ਹੈ।
ਦੂਜੇ ਪਾਸੇ ਦੂਜੀ ਧਿਰ ਦੇ ਸਿਕੰਦਰ ਸਿੰਘ ਨੇ ਗੁਰਵਿੰਦਰ ਕੌਰ ’ਤੇ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਸਿਕੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜਗਰਾਜ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਨੇ ਉਸ ’ਤੇ ਪਿਸਤੌਲ ਨਾਲ ਗੋਲੀ ਚਲਾਈ ਜੋ ਉਸ ਦੇ ਪੈਰ ’ਚ ਲੱਗੀ। ਪੁਲੀਸ ਨੇ ਗੁਰਵਿੰਦਰ ਕੌਰ ਖ਼ਿਲਾਫ਼ ਧਾਰਾ 307 ਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।