ਪੱਤਰ ਪ੍ਰੇਰਕ
ਏਲਨਾਬਾਦ, 31 ਮਾਰਚ
ਅਜ਼ੀਜ ਪ੍ਰਤਾਪ ਸਿੰਘ ਖੋਸਾ ਫਾਊਂਡੇਸ਼ਨ ਵਲੋਂ ਦੂਜਾ ਸਰਕਲ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਹਰਿਆਣਾ ਤੋਂ ਲੜਕੇ ਅਤੇ ਲੜਕੀਆਂ ਦੀਆਂ ਕਰੀਬ ਦੋ ਦਰਜਨ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਕਾਲਾਂਵਾਲੀ ਦੇ ਵਿਧਾਇਕ ਸ਼ੀਸਪਾਲ ਕੇਹਰਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਬਲਵਿੰਦਰ ਸਿੰਘ ਨਾਮਧਾਰੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਫਾਊਂਡੇਸ਼ਨ ਦੇ ਚੇਅਰਮੈਨ ਅਮਰਪਾਲ ਸਿੰਘ ਖੋਸਾ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ ਨੇ ਆਏ ਹੋਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਲੜਕਿਆਂ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਰੋੜੀ ਅਤੇ ਰਾਣੀਆ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਰੋੜੀ ਦੀ ਟੀਮ ਜੇਤੂ ਰਹੀ ਜਦਕਿ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਜਗਮਾਲਵਾਲੀ ਦੀ ਟੀਮ ਨੇ ਫੱਗੂ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਵਿੱਚ ਜਗਮਾਲਵਾਲੀ ਦੀ ਟੀਮ ਨੇ ਰੋੜੀ ਨੂੰ ਹਰਾ ਕੇ 21 ਹਜ਼ਾਰ ਦਾ ਨਕਦ ਇਨਾਮ ਅਤੇ ਟਰਾਫ਼ੀ ’ਤੇ ਕਬਜ਼ਾ ਜਮਾਇਆ ਜਦੋਂਕਿ ਉਪ-ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਰੋੜੀ ਦੇ ਖਿਡਾਰੀ ਗੌਰੀ ਅਤੇ ਜਗਮਾਲਵਾਲੀ ਦੇ ਖਿਡਾਰੀ ਲਾਡੀ ਚੀਮਾ ਬੈਸਟ ਰੇਡਰ ਅਤੇ ਜਸਪ੍ਰੀਤ ਬੂਰਾ ਬੈਸਟ ਜਾਫੀ ਰਹੇ। ਲੜਕੀਆਂ ਦੇ ਆਲ ਓਪਨ ਮੁਕਾਬਲਿਆਂ ਵਿੱਚ ਮੋਗਾ, ਰਾਖੀਗੜ੍ਹੀ, ਰਾਣੀਆ, ਜਲਾਲਾਬਾਦ, ਸਿੱਧਵਾ ਬੇਟ, ਮਤਲੌਂਡਾ, ਅਰਨੀਵਾਲਾ, ਸੋਥਾ (ਹਿਸਾਰ) ਅਤੇ ਲੁਧਿਆਣਾ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਲੜਕੀਆਂ ਦਾ ਪਹਿਲਾ ਸੈਮੀਫਾਈਨਲ ਰਾਖੀਗੜ੍ਹੀ ਅਤੇ ਜਲਾਲਾਬਾਦ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਰਾਖੀਗੜ੍ਹੀ ਦੀ ਟੀਮ ਜੇਤੂ ਰਹੀ। ਦੂਜਾ ਸੈਮੀਫਾਈਨਲ ਮਤਲੌਂਡਾ ਤੇ ਸੋਥਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਸੋਥਾ ਦੀ ਟੀਮ ਜੇਤੂ ਰਹੀ। ਫਾਈਨਲ ਮੁਕਾਬਲੇ ਵਿੱਚ ਸੋਥਾ ਦੀ ਟੀਮ ਨੇ ਰਾਖੀਗੜ੍ਹੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।