ਸਤਪਾਲ ਰਾਮਗੜ੍ਹੀਆ
ਪਿਹੋਵਾ, 27 ਦਸੰਬਰ
ਐੱਸਡੀਐੱਮ ਸੋਨੂੰ ਰਾਮ ਨੇ ਦੱਸਿਆ ਕਿ ਪਿਹੋਵਾ ਸ਼ਹਿਰ ’ਚ ਆਵਾਜਾਈ ਕੰਟਰੋਲ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਨਗਰ ਪਾਲਿਕਾ ਵੱਲੋਂ ਸ਼ਹਿਰ ਦੇ ਮੁੱਖ ਚੌਕਾਂ ’ਤੇ 18 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਜਲਦੀ ਹੀ ਪੁਲੀਸ ਹਵਾਲੇ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਇਸ ਯੋਜਨਾ ’ਤੇ ਅਗਲੀ ਕਾਰਵਾਈ ਕਰਨਾ ਯਕੀਨੀ ਬਣਾਏਗਾ। ਐਸਡੀਐਮ ਨੇ ਦੱਸਿਆ ਕਿ ਕੈਮਰੇ ਆਨਲਾਈਨ ਚਲਾਨ ਕੱਟਣ ਅਤੇ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਲਗਾਏ ਗਏ ਹਨ। ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਆਨਲਾਈਨ ਚਲਾਨ ਕੱਟਣ ਦੀ ਸਕੀਮ ਲਾਗੂ ਕਰਨ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸ਼ਹਿਰ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੂੰ ਹਟਾਉਣ ਦੀ ਹਦਾਇਤ ਵੀ ਕੀਤੀ ਹੈ।