ਪੱਤਰ ਪ੍ਰੇਰਕ
ਪੰਚਕੂਲਾ, 8 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਸੂਬਾ ਵਾਸੀਆਂ ਦੀ ਭਲਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਕੈਨੇਡਾ ’ਚ ਵਸਦੇ ਹਰਿਆਣਵੀਆਂ ਨੂੰ ਨਿਵੇਸ਼ ਲਈ ਪ੍ਰੇਰਿਤ ਕਰਨ ਹਿੱਤ ਇੱਕ ਹੈਲਪ ਡੈਸਕ ਸਥਾਪਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਭਾਰਤ ਸਰਕਾਰ ਤੋਂ ਵੀ ਸੁਝਾਅ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ ਹਰਿਆਣਾਵੀ ਐੱਨਆਰਆਈਜ਼ ਤੇ ਦੇਸ਼ ਦੇ ਹੋਰ ਐੱਨਆਰਆਈ ਉਦਮੀਆਂ ਨੂੰ ਰਾਜ ਵਿੱਚ ਆਪਣੇ ਉਦਮ ਸਥਾਪਤ ਕਰਨ ਲਈ ਸਹੂਲਤਾਂ ਮੁਹੱਈਆ ਕਰਾਉਣ ਦੇ ਨਾਲ-ਨਾਲ ਮੌਜੂਦਾ ਰਾਜ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਦੱਸੇਗਾ। ਮੁੱਖ ਮੰਤਰੀ ਅੱਜ ਇੱਥੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ (ਆਈਸੀਸੀਸੀ) ਦੇ ਇੱਕ ਵਫ਼ਦ ਨਾਲ ਗੱਲਬਾਤ ਕਰ ਰਹੇ ਸਨ।