ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਰੀਦਾਬਾਦ ਦੇ ਖੇੜੀ ਵਿੱਚ ਅਤਿ-ਆਧੁਨਿਕ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਹਤ ਸੇਵਾਵਾਂ ਤੇ ਅਧਿਆਤਮਿਕਤਾ ਦਾ ਗੂੜ੍ਹਾ ਸਬੰਧ ਹੈ ਅਤੇ ਦੇਸ਼ ਦੀ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਅਧਿਆਤਮਕ-ਪ੍ਰਾਈਵੇਟ ਭਾਈਵਾਲੀ ਦੀ ਇੱਕ ਸਫਲ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਲਗਪਗ 130 ਏਕੜ ਵਿੱਚ ਫੈਲਿਆ ਇਹ ਹਸਪਤਾਲ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੁਮੇਲ ਹੈ ਅਤੇ ਇਹ ਲੋਕਾਂ ਲਈ ਪਹੁੰਚਯੋਗ ਅਤੇ ਕਿਫਾਇਤੀ ਇਲਾਜ ਦਾ ਜ਼ਰੀਆ ਬਣੇਗਾ। ਦਿੱਲੀ-ਮਥੁਰਾ ਰੋਡ ਦੇ ਨੇੜੇ ਫਰੀਦਾਬਾਦ-ਸੈਕਟਰ 88 ਵਿੱਚ ਨਵਾਂ ਸੁਪਰ-ਸਪੈਸ਼ਲਿਟੀ ਹਸਪਤਾਲ ਅਗਲੇ ਪੰਜ ਸਾਲਾਂ ਵਿੱਚ ਪੜਾਅਵਾਰ ਢੰਗ ਨਾਲ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ। ਮਾਤਾ ਅਮ੍ਰਿਤਾਨੰਦਮਈ ਮੱਠ ਦਾ ਸੁਪਰ-ਸਪੈਸ਼ਲਟੀ ਹਸਪਤਾਲ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਹਸਪਤਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਸਪਤਾਲ ਵਿੱਚ 2,600 ਬਿਸਤਰੇ (500 ਹੁਣ ਅਤੇ ਬਾਕੀ ਬਾਅਦ ਵਿੱਚ ਜੋੜੇ ਜਾਣਗੇ) ਹੋਣਗੇ, ਜਿਸ ਨਾਲ ਕੌਮੀ ਰਾਜਧਾਨੀ ਖੇਤਰ ਵਿੱਚ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਮੋਦੀ ਨੇ ਕਿਹਾ, ‘‘ਜਿਵੇਂ-ਜਿਵੇਂ ਦੇਸ਼ ‘ਅੰਮ੍ਰਿਤ ਕਾਲ’ ਵਿੱਚ ਦਾਖਲ ਹੋ ਰਿਹਾ ਹੈ ਸਮੂਹਿਕ ਇੱਛਾਵਾਂ ਅਤੇ ਸੰਕਲਪਾਂ ਦਾ ਰੂਪ ਧਾਰਨ ਕਰ ਰਿਹਾ ਹੈ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਲੋਕਾਂ ਨੂੰ ਵਿਸ਼ਵ ਪ੍ਰਸਿੱਧ ਮਾਨਵਤਾਵਾਦੀ ਅਤੇ ਅਧਿਆਤਮਕ ਆਗੂ ਮਾਤਾ ਅੰਮ੍ਰਿਤਾਨੰਦਮਈ ਦੇ ਆਸ਼ੀਰਵਾਦ ਦਾ ਅੰਮ੍ਰਿਤ ਪ੍ਰਾਪਤ ਹੋ ਰਿਹਾ ਹੈ।’’ ਸਮਾਗਮ ਦੌਰਾਨ ਸ੍ਰੀ ਮੋਦੀ ਨੇ ‘ਅੰਮਾ’ ਤੋਂ ਆਸ਼ੀਰਵਾਦ ਲਿਆ ਅਤੇ ਕਿਹਾ, ‘‘ਅੰਮਾ ਪਿਆਰ, ਹਮਦਰਦੀ, ਸੇਵਾ ਤੇ ਤਿਆਗ ਦੀ ਮੂਰਤ ਹਨ।’’ ਮੋਦੀ ਨੇ ਕਿਹਾ, ‘‘ਸਾਡੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਿੱਖਿਆ ਤੇ ਦਵਾਈਆਂ ਨਾਲ ਸਬੰਧਤ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਇਹ ਪ੍ਰਣਾਲੀ ਇੱਕ ਤਰ੍ਹਾਂ ਨਾਲ ਪੁਰਾਣੇ ਸਮਿਆਂ ਦਾ ‘ਪੀਪੀਪੀ’ ਮਾਡਲ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਿਹਤ ਸੰਭਾਲ ਸੇਵਾਵਾਂ ਅਤੇ ਅਧਿਆਤਮਿਕਤਾ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।’’ ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਮਨੋਹਰ ਲਾਲ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੀ ਮੌਜੂਦ ਸਨ।